Showing posts with label ਨਜ਼ਮ. Show all posts
Showing posts with label ਨਜ਼ਮ. Show all posts

Monday, September 12, 2011

ਕਲਮਾਂ ਕਦੇ ਬਾਂਝ...

ਨਜ਼ਮ

ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ...

ਇਹ ਜੰਮਦੀਆਂ ਨੇ ਅਨੇਕ ਹਰਫ਼

ਜਿਵੇਂ ਇੱਕ ਮਾਂ ਦੇ ਜਾਏ

ਵੱਖ ਵੱਖ ਗੁਣਾਂ ਦੇ ਧਾਰਨੀ

ਇਹ ਹਰਫ਼ ਵੀ ਤਾਂ ਹੋ ਸਕਦੇ ਨੇ....

ਹਰਫਾਂ ਦੀ ਸਾਰਥਿਕਤਾ 'ਤੇ ਪ੍ਰਸ਼ਨ ਚਿੰਨ ਲਾਉਣ ਤੋਂ ਪਹਿਲਾਂ......

ਸ਼ਬਦਾਂ ਨੂੰ ਜਲਾਵਤਨ ਕਰਨ ਤੋਂ ਪਹਿਲਾਂ

ਜ਼ਰੂਰੀ ਹੈ ਲਾਹ ਦੇਵੋ ਬਿਗਾਨੀ ਸੋਚ ਦੀ ਐਨਕ

ਆਪਣੇ ਨੁਕਤਾ-ਨਜ਼ਰ ਨੂੰ

ਬਣੇ-ਬਣਾਏ ਨਿਯਮਾਂ ਦੀ ਸੂਲੀ 'ਤੇ ਨਾ ਚਾੜ੍ਹੋ

ਫਿਰ ਕੋਈ ਕਲਮ ਬਾਂਝ ਨਹੀਂ ਲੱਗੇਗੀ..








ਕੱਲ੍ਹ ਤੇ ਅੱਜ ....

ਨਜ਼ਮ
ਮੈਂ ਅਕਸਰ ਪੁੱਛਦਾ ਸੀ

ਤੈਨੂੰ ਅਨੇਕਾਂ ਸਵਾਲ

ਤੂੰ ਅਕਸਰ ਹੀ ਦਿੰਦੀ ਸੀ ਟਾਲ਼

ਕਿ “ਪਤਾ ਨਹੀਂ...”...

ਤੇ ਮੈਂ ਮੁਸਕੁਰਾ ਕੇ ਪੁੱਛ ਲੈਂਦਾ ਸੀ

“ਕਦੋਂ ਪਤਾ ਲੱਗੇਗਾ..”

ਤੂੰ ਫਿਰ ਓਸੇ ਭੋਲ਼ੇਪਨ ਵਿੱਚ

ਆਖਦੀ ਸੀ “ਪਤਾ ਨਹੀਂ”

ਮੈਂ ਇਹ ਸੋਚ ਕੇ ਚੁੱਪ ਹੋ ਜਾਂਦਾ

ਪਤਾ ਨਹੀਂ ਕਦ ਪਤਾ ਮਿਲੇਗਾ..

ਮੇਰੇ ਸਵਾਲਾਂ ਦੇ ਜਵਾਬਾਂ ਦਾ


ਅੱਜ ਜਦ

ਮੇਰੇ ਸਾਰੇ ਸਵਾਲ ਖੋ ਗਏ ..

ਬੇਮਾਇਨੇ ਹੋ ਗਏ

ਤੇ ਮੈਂ ਕੋਈ ਸਵਾਲ ਨਾ ਵੀ ਕਰਾਂ

ਤੂੰ ਕਹਿ ਦਿੰਦੀ ਏਂ

“ਕੁਝ ਨਾ ਵੀ ਬੋਲ ਮੈਨੂੰ ਪਤਾ ਹੈ....”

ਜ਼ਰੂਰੀ ਨਹੀਂ ਕਿ ਕਵਿਤਾ....

ਨਜ਼ਮ
ਜ਼ਰੂਰੀ ਨਹੀਂ ਕਿ ਕਵਿਤਾ
ਮਹਿਬੂਬ ਕੁੜੀ ਦੇ ਦਰਸ਼ਨੀ ਪਲਾਂ ਦੀ ਦੇਣ ਹੋਵੇ
ਕਵਿਤਾ ਤਾਂ ਕਦੇ ਵੀ ਕਿਤੇ ਵੀ ਜਨਮ ਲੈ ਲੈਂਦੀ ਏ.......
ਜਿਵੇਂ ਮਜਦੂਰ ਔਰਤ
ਸੜਕ ਦੇ ਕਿਨਾਰੇ ਹੀ ਪਾ ਲੈਂਦੀ ਏ ਛੁਟਕਾਰਾ
ਪ੍ਰਸੂਤੀ ਪੀੜਾਂ ਤੋਂ....
ਹਾਂ ! ਸਿਰਫ਼ ਮਹਿਬੂਬ ਦੇ ਬੁੱਲਾਂ ਦੀ ਲਾਲੀ ਹੀ
ਕਵਿਤਾ ਨੂੰ ਜਵਾਨੀ ਨਹੀਂ ਬਖਸ਼ਦੀ
ਸਾਹੂਕਾਰਾਂ ਦੀ ਲਾਲ ਬਹੀ ਦੀ ਭੇਟ ਚੜ੍ਹਦੀ
ਅੱਲ੍ਹੜ ਜਵਾਨੀ ਵੀ ਕਵਿਤਾ ਨੂੰ ਕਰ ਸਕਦੀ ਏ
ਵਕਤੋਂ ਪਹਿਲਾਂ ਮੁਟਿਆਰ.....
ਸਿਰਫ ਮਹਿਬੂਬ ਕੁੜੀ ਦਾ ਵਿਛੋੜਾ ਹੀ
ਕਵਿਤਾ ਨੂੰ ਖ਼ੂਨ ਦੇ ਹੰਝੂ ਨਹੀਂ ਰੁਆਉਂਦਾ
ਰੋਜ਼ੀ ਦੀ ਭਾਲ ਵਿੱਚ ਗਏ ਪੁੱਤਰ ਦੀ ਲਾਸ਼ ਦਾ
ਸਾਗਰਾਂ ਦੀ ਹਿੱਕ ਤੇ ਤੈਰ ਆਉਣਾ ਵੀ
ਕਵਿਤਾ ਨੂੰ ਮੌਤ ਦੀ ਦੁਆ ਬਣਾ ਸਕਦਾ ਏ........
ਕਵਿਤਾ ਸਿਰਫ਼ 'ਸਾਹਿਬਾਂ' ਨੂੰ
ਕੱਢ ਕੇ ਲਿਜਾਣ ਲਈ ਹੀ ਨਹੀਂ ਲਲਕਾਰ ਬਣਦੀ....
ਕਿਸੇ ਹੱਕਦਾਰ ਦੇ ਹੱਕਾਂ ਲਈ
ਕਿਸੇ ਜ਼ਰਦਾਰ ਦੇ ਖਿਲਾਫ਼
ਵਿਦਰੋਹ ਬਣ ਸਕਦੀ ਏ...
ਕਵਿਤਾ ਤਾਂ ਕਵਿਤਾ ਹੈ,
ਕਦੇ ਵੀ ਕਿਤੇ ਵੀ ਜਨਮ ਲੈ ਲੈਂਦੀ ਏ.....