Monday, September 12, 2011

ਦਿਲਾ ਪੱਥਰ-ਦਿਲਾਂ ਵਿੱਚ...

ਗ਼ਜ਼ਲ
ਦਿਲਾ ਪੱਥਰ-ਦਿਲਾਂ ਵਿੱਚ ਰਹਿ ਕੇ ਤੂੰ ਪੱਥਰ ਨਾ ਬਣ ਜਾਵੀਂ।
ਦਿਲਾਂ ਨੂੰ ਠੇਸ ਪਹੁੰਚਾਵੇ ਤੂੰ ਉਹ ਅੱਖਰ ਨਾ ਬਣ ਜਾਵੀਂ।

ਜਿਵੇਂ ਰੱਖਦਾ ਏ ਦਿਲਬਰ ਤੂੰ ਉਵੇਂ ਰਾਜ਼ੀ ਰਹੀਂ ਕਿਧਰੇ,
ਨਘੋਚਾਂ ਕਰਕੇ ਐ ਦਿਲ ਫੇਰ ਤੋਂ ਬੇਘਰ ਨਾ ਨਾ ਬਣ ਜਾਵੀਂ।

ਬੁਰੇ ਮੋਸਮ ਨੇ ਛਣਕਣ ਦਾ ਕਦੇ ਮੌਕਾ ਨਹੀਂ ਦੇਣਾ,
ਸਰਾਪੀ ਜੂਨ ਭੋਗੇਂਗਾ ਕਿਤੇ ਝਾਂਜਰ ਨਾ ਬਣ ਜਾਵੀਂ।

ਅਗਰ ਸਤਿਕਾਰ ਚਾਹੁੰਦਾ ਏਂ ਸੁਹਾਣਾ ਖ਼ਾਬ ਬਣਕੇ ਮਿਲ,
ਨਜ਼ਰ ਧਿਤਕਾਰ ਦੇਵੇ ਇੰਝ ਦਾ ਮੰਜ਼ਰ ਨਾ ਬਣ ਜਾਵੀਂ।

ਕਿਸੇ ਨਾਜ਼ੁਕ ਕਲੀ ਦੇ ਵਾਂਗਰਾਂ ਹੁਣ ਤਾਂ ਨਜ਼ਰ ਆਉਂਦੈਂ,
ਕਿਤੇ ਦਿਲ ਵਿੱਚ ਵਸੇਂਦੇ ਸਾਰ ਹੀ ਖ਼ੰਜਰ ਨਾ ਬਣ ਜਾਵੀਂ।

ਬਿਠਾਵੇ ਕੀਲ ਕੇ ਮੈਨੂੰ ਜੋ ਇੱਕ ਥਾਵੇਂ ਉਹ ਮੰਜ਼ਿਲ ਬਣ,
ਕਿਤੇ ਆਵਾਰਗੀ ਜਾਂ ਪੈਰ ਦਾ ਚੱਕਰ ਨਾ ਬਣ ਜਾਵੀਂ।

ਜੋ ਮੰਜ਼ਿਲ ਦਾ ਪਤਾ ਦੇਵੇ ਤੂੰ ਐਸਾ ਮੀਲ ਪੱਥਰ ਬਣ,
ਅੜਿੱਕਾ ਡਾਹਵੇ ਰਾਹਾਂ ਵਿੱਚ ਤੂੰ ਉਹ ਪੱਥਰ ਨਾ ਬਣ ਜਾਵੀਂ।

ਤੂੰ ਗ਼ੈਰਤ ਨਾਲ ਜੀ 'ਗ਼ਾਫ਼ਿਲ', ਤੂੰ ਗ਼ੈਰਤ ਨਾਲ ਮਰ 'ਗ਼ਾਫ਼ਿਲ'
ਕਿਤੇ ਬੇਗ਼ੈਰਤਾ ਜਾਂ ਤਰਸ ਦਾ ਪਾਤਰ ਨਾ ਬਣ ਜਾਵੀਂ।
27-10-2007

No comments: