Monday, September 12, 2011

ਜ਼ਿੰਦਗੀ....

ਜ਼ਿੰਦਗੀ ( ਇੱਕ ਖੁੱਲ੍ਹੀ ਉਡਾਰੀ)
ਨਜ਼ਮ
ਮਹਾਂਨਗਰ ਦੇ ਚੌਰਾਹੇ ਦੇ ਵਿੱਚ ਖਲੋ ਕੇ ਤਕਦਾ ਹਾਂ ਰਸਤਿਆਂ ਨੂੰ,
ਤਾਂ ਓਸ ਰਸਤੇ ਦੀ ਯਾਦ ਆਉਂਦੀ ,
ਉਹ ਰਸਤਾ ਜਿੱਥੇ ਕਿ ਪਹਿਲੀ ਵਾਰੀ ਮੈਂ ਜ਼ਿੰਦਗੀ ਨੂੰ ਨਿਹਾਰਿਆ ਸੀ,
ਕਰੀਬ ਤੋਂ ਵੀ ਕਰੀਬ ਹੋ ਕੇ ਮੈਂ ਨਾਮ ਉਸਦਾ ਪੁਕਾਰਿਆ ਸੀ,
ਉਹ ਨਾਲ ਸੀ ਤਾਂ ਹਰੇਕ ਪਾਸੇ ਜਿਵੇਂ ਕਿ ਮੌਸਮ ਬਹਾਰ ਦਾ ਸੀ,
ਹਵਾ ਸੁਗੰਧਿਤ ਸੀ ਖੁਸ਼ਨੁਮਾ ਸੀ ਤੇ ਦਿਨ ਬੜੇ ਖ਼ੁਸ਼ਗਵਾਰ ਸਨ ਉਹ,
ਉਨ੍ਹਾਂ ਦਿਨਾਂ ਵਿਚ ਮੇਰੇ ਲਬਾਂ ਤੇ ਜੇ ਨਾਮ ਸੀ ਤਾਂ ਫ਼ਕਤ ਉਸੇ ਦਾ,
ਜੇ ਵਿਰਦ ਸੀ ਤਾਂ ਫ਼ਕਤ ਉਸੇ ਦਾ ਕਲਾਮ ਸੀ ਤਾਂ ਫ਼ਕਤ ਉਸੇ ਦਾ
ਉਹ ਜਿਸਦਾ ਹਾਸਾ ਫੁਹਾਰ ਬਣਕੇ ਸੁਲਘਦੇ ਸੀਨੇ ਨੂੰ ਠਾਰਦਾ ਸੀ
ਜਿਦ੍ਹਾ ਦਿਲਾਸਾ ਦੁਆਵਾਂ ਵਰਗਾ ਭੰਵਰ ਚੋਂ ਮੈਨੂੰ ਉਭਾਰਦਾ ਸੀ
ਹਬੀਬ ਬਣ ਕੇ, ਤਬੀਬ ਬਣ ਕੇ
ਮੇਰੀ ਹਯਾਤੀ ਦੀ ਖ਼ੁਸ਼ਖਿਰਾਮੀ ਦਾ ਸਿਹਰਾ ਬੰਨ੍ਹਿਆ ਮੈਂ ਜਿਹਦੇ ਸਿਰ ਸੀ
ਉਹ ਰੁੱਸ ਬੈਠੀ ਤਾਂ ਭੇਤ ਖੁੱਲ੍ਹਿਆ ਕਿ ਉਹ ਵੀ ਆਖ਼ਰ ਬਿਗਾਨੀ ਧਿਰ ਸੀ
ਕਦੇ-ਕਦਾਈਂ ਦੋ ਬੋਲ ਉਹਦੇ ਹਵਾਵਾਂ ਦੇ ਸਿਰ ਸਵਾਰ ਹੋ ਕੇ
ਹਾਂ ਮੇਰੇ ਤੀਕਰ ਨੇ ਆਣ ਪੁਜਦੇ ਤੇ ਸ਼ਹਿਦ ਕੰਨਾਂ ਚ ਘੋਲ਼ਦੇ ਨੇ
ਤੇ ਨੈਣ ਮੇਰੇ ਬਿਰਾਗੀ ਹੋ ਕੇ ਉਦ੍ਹੀ ਹੀ ਸੂਰਤ ਨੂੰ ਟੋਲ੍ਹਦੇ ਨੇ
ਮੈਂ ਤਰਸ ਜਾਂਦਾ ਹਾਂ ਬਰਸ ਜਾਂਦਾ ਹਾਂ
ਸਾਉਣ ਰੁਤ ਦੀ ਘਟਾ ਦੇ ਵਾਂਗੂੰ
ਇਹ ਜਿਊਣ ਲੱਗਦੈ ਸਜ਼ਾ ਦੇ ਵਾਂਗੂੰ
ਮਹਾਂਨਗਰ ਦੇ ਵਿਸ਼ਾਲ ਕਾਲੇ ਬੇਦਰਦ ਰਸਤੇ ਨਿਹਾਰਦਾ ਹਾਂ
ਤੇ ਬੇ-ਖ਼ੁਦੀ ਵਿਚ ਬੇ-ਤਹਾਸ਼ਾ ਮੈਂ ਨਾਮ ਉਸਦਾ ਉਚਾਰਦਾ ਹਾਂ
ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ...ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ

ਮੇਰੀ ਕੰਧ 'ਤੇ ਤੇਰੀ.........

**** ਇੱਕ ਫ਼ੇਸਬੁੱਕੀ ਗ਼ਜ਼ਲ*****
ਮੇਰੀ ਕੰਧ 'ਤੇ ਤੇਰੀ ਫੋਟੋ ਕਿਉਂ ਚਿਪਕਾਈ।
ਅਪਣੀ ਕੰਧ ਕਿਰਾਏ ਤੇ ਦਿੱਤੀ ਹੈ ਭਾਈ ?

ਫੇਸਬੁੱਕ ਨੇ ਕੈਸੀ ਜਾਦੂ ਛੜੀ ਘੁਮਾਈ।
ਬੀਬੇ ਰਾਣੇ ਬੰਦੇ ਹੋਏ ਫਿਰਨ ਸ਼ੁਦਾਈ।

ਅੱਧੇ ਇਸਦਾ ਦੁਰਉਪਯੋਗ ਨੇ ਖੁਲ੍ਹ ਕੇ ਕਰਦੇ
ਅੱਧਿਆਂ ਨੂੰ ਤਾਂ ਫੇਸਬੁੱਕ ਦੀ ਸਮਝ ਨਾ ਆਈ।

ਟੈਗ ਕਰੀਂ ਨਾ ਬੇਸ਼ਕ ਫਿਰ ਵੀ ਪੜ੍ਹ ਲੈਣੀ ਮੈਂ
ਅਪਣੀ ਵਾਲ ਤੇ ਜਿਸ ਦਿਨ ਵੀ ਤੂੰ ਗ਼ਜ਼ਲ ਲਗਾਈ।

ਇੱਕ ਕੁੜੀ ਦੀ ਹੈਲੋ 'ਤੇ ਅਣਗਿਣਤ ਕੁਮੈਂਟ ਨੇ
ਸਾਡੀ ਪੋਸਟ ਇੱਕ ਕਲਿੱਕ ਨੂੰ ਵੀ ਤਿਰਹਾਈ।

ਬਹੁਤੇ ਮਿੱਤਰ ਮਿੱਤਰਤਾ ਕਰ ਤਾਂ ਲੈਂਦੇ ਨੇ
ਮੈਂ ਕੀ ਲਿਖਦਾਂ ਪੜ੍ਹਦਾਂ ਇਹਦੀ ਸਾਰ ਨਾ ਕਾਈ ।

ਆਹ ਕੀ ਹੋਇਆ 'ਗ਼ਾਫ਼ਿਲ' ਕੰਧ ਲਬੇੜ ਗਿਆ ਕੋਈ ?
ਦੋ ਦਿਨ ਪਹਿਲਾਂ ਹੀ ਕੀਤੀ ਸੀ ਸਾਫ਼ –ਸਫ਼ਾਈ।

../../../../.././../././././././. ਕੰਡੇ

ਗ਼ਜ਼ਲ
ਬਾਗ਼ 'ਚ ਚਾਰੇ ਪਾਸੇ ਲਾ ਕੇ ਬੈਠੇ ਮਹਿਫ਼ਿਲ ਕੰਡੇ।
ਫੁੱਲਾਂ, ਮਹਿਕ, ਤਮੰਨਾ, ਅਰਮਾਨਾਂ ਦੇ ਕ਼ਾਤਿਲ ਕੰਡੇ।

ਆਪੋ ਅਪਣੀ ਫ਼ਿਤਰਤ ਸਭ ਦੀ ਕੌਣ ਕਿਸੇ 'ਤੇ ਰੀਝੇ
ਫੁੱਲ ਨਾ ਮਹਿਕ ਖਿੰਡਾਉਣੋ ਟਲ਼ਦੇ ਲਾ ਬੈਠੇ ਟਿਲ ਕੰਡੇ।

ਕੋਈ ਅਰਜ਼ ਗੁਜ਼ਾਰੇ ਹਾੜਾ ਕੱਢੇ ਨਾਰਾ ਮਾਰੇ,
ਚੋਭਾਂ ਲਾਉਣੋ ਬਾਜ਼ ਨਾ ਆਉਂਦੇ ਤੌਬਾ ਸੰਗਦਿਲ ਕੰਡੇ।

ਮੇਰੀ ਤਾਂ ਅਰਦਾਸ ਇਹੀ ਹੈ ਵਾਹਿਗੁਰੂ ਦੇ ਅੱਗੇ,
ਏਸ ਫੁਲੇਰ ਚੰਗੇਰ 'ਚ ਕਿਧਰੇ ਹੋਣ ਨਾ ਸ਼ਾਮਿਲ ਕੰਡੇ।

ਨਾਜ਼ੁਕ ਪੈਰ ਮਲੂਕ ਸਜਨ ਦੇ ਵਿੰਨ੍ਹੇ ਹੀ ਨਾ ਜਾਵਣ'
ਪਲਕਾਂ ਨਾਲ਼ ਚੁਗਾਂਗਾ ਉਹਦੇ ਰਾਹੋਂ 'ਗ਼ਾਫ਼ਿਲ' ਕੰਡੇ।

‘ਦੜ ਵੱਟ’ ਥੋੜ੍ਹਾ ‘ਡੰਗ....

*ਬਜ਼ਲਾ
‘ਦੜ ਵੱਟ’ ਥੋੜ੍ਹਾ ‘ਡੰਗ ਟਪਾ ਲਓ; ਸ਼ਾਮਾਂ ਤੀਕ।
ਫਿਰ ਤਾਂ ਭਾਵੇਂ ਬੋਤਲ ਡੱਫੋ ਲਾ ਕੇ ਡੀਕ।

ਪਰਿਆ ਵੱਲ ਨਾ ਜਾਵੀਂ, ‘ਕੱਲਾ-ਕਹਿਰਾ’ ਦੇਖ!
'ਮੋਢਿਆਂ ਤੋਂ ਦੀ ਥੁਕਦੇ’, ਹੋਏ ‘ਚੌੜ’ ਸ਼ਰੀਕ।

“ਆਹ ਕੀ ਕੀਤਾ ? ‘ਸੱਤ-ਕਵੰਜਾ’ ਬਣ ਜੂ ਯਾਰ!
ਹਾਲੇ ਤਾਂ ਕੱਲ ਹੀ ਭੁਗਤੀ ਸੀ ਇੱਕ ਤਰੀਕ!

ਲਲਕਾਰੇ, ਤਲਵਾਰਾਂ, ਛਵੀਆਂ, ਟਕੂਏ, ਦਾਤ
ਕੀ ਕੁੱਝ ਭੱਜਿਆ ਆਇਆ, ਸੁਣਕੇ ਇੱਕੋ ਚੀਕ!

ਵਿਹਲੜ, ਚੋਰ, ਜ਼ੁਆਰੀ,ਅਮਲੀ ਵਧਦੇ ਜਾਣ
ਮਾਪੇ ਜਾਂ ਸਰਕਾਰਾਂ, ਦੋਸ਼ੀ ਕੌਣ ਵਧੀਕ?

ਸਚ ਬੋਲਣ, ਸੱਚ ਸੁਣਨ, ਤੇ ਹੁੰਦੀ ‘ਢਿਬਰੀ ਟੈਟ’
ਹੁੰਦੇ ਰਹਿੰਦੇ ਪਰਚੇ, ਗੈਸ, ਰਿਪੋਟਾਂ ਲੀਕ!

ਨਹਿਰ ਕਿਨਾਰੇ ਘੇਰਨ, ਲੁੱਟਣ ‘ਮਾਰ-ਮੁਕੌਣ'
ਬਾਪੂ ਨੇ ਸਮਝਾਇਆ “ਬਚ ਕੇ ਰਹਿ ਅਮਰੀਕ”।

ਸੋਚਾਂ ਵਿੱਚੋਂ ਤੈਨੂੰ ਕੱਢਣੇ....

*ਪਿੰਗਲ ਦੇ ਛੰਦ 'ਚ ਲਿਖੀ ਵੱਖਰੇ ਮੁਹਾਂਦਰੇ ਵਾਲ਼ੀ ਇੱਕ ਗ਼ਜ਼ਲ*
ਸੋਚਾਂ ਵਿੱਚੋਂ ਤੈਨੂੰ ਕੱਢਣੇ ਦੀ ਸੋਚ, ਸੋਚ-ਸੋਚ।

ਲੋਚਾ ਮੇਲ਼ ਦੀ ਵਧਾ ਲਈ ਭੁੱਲਣੇ ਦਾ ਲੋਚ-ਲੋਚ।


ਕਿਤੇ ਆਤਮਾ ਦੀ ਮੈਲ਼ ਵੱਲ ਪੈ ਜੇ ਨਾ ਧਿਆਨ

ਪੋਚੇ ਕਾਲੇ-ਕਾਰਿਆਂ 'ਤੇ ਪਾਈਏ ਮੁੱਖ ਪੋਚ-ਪੋਚ।


ਲੇਖਾਂ ਵਿੱਚ ਲਿਖਿਆ ਕੀ ਸਾਥੋਂ ਪਾ ਨਾ ਹੋਇਆ ਭੇਤ,

ਬੋਚੇ ਫੇਰ ਵੀ ਦੁੱਖਾਂ ਨੇ ਭਾਵੇਂ ਤੁਰੇ ਬੋਚ-ਬੋਚ।


ਕੀਤਾ ਤੇਰਿਆਂ ਗ਼ਮਾਂ ਨੇ ਤੇਰੇ ਜਿਹਾ ਹੀ ਵਿਹਾਰ

ਨੋਚ ਖਾ ਲਿਆ ਏ ਦਿਲ ਕਾਵਾਂ ਵਾਂਗ ਨੋਚ-ਨੋਚ।


ਕਿੱਦਾਂ ਲੈਣੀ ਹਮਦਰਦੀ ਇਹ ਸਿੱਖੋ ਢਕਵੰਜ,

ਮੋਚ ਆਵੇ ਜਾਂ ਨਾ ਆਵੇ ਪਿੱਟੋ ਮੋਚ ਮੋਚ-ਮੋਚ।






ਕਿਸਾਨ...

ਗੀਤ

ਆਖਦੇ ਸੀ ਕਦੇ ‘ਅੰਨਦਾਤਾ ਦੇਸ ਦਾ’

ਹਰ ਪਾਸੇ ਗ਼ਲਬਾ ਹੁੰਦਾ ਸੀ ਏਸ ਦਾ

ਹੁਣ ਹੋਇਆ ਬੈਠੈ ‘ਹਲ਼ਕਾਨ’ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਮਨ-ਮੋਹਣੇ ਹਰੇ ਖ਼ਾਬਾਂ ਪਿੱਛੇ ਦੌੜਦਾ

ਮਹਿੰਗੀਆਂ ਦਵਾਈਆਂ ਖਾਦਾਂ ਪਿੱਛੇ ਦੌੜਦਾ

ਹੋ ਗਿਐ ਹੈਰਾਨ-ਪ੍ਰੇਸ਼ਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਕੱਕਰਾਂ ਦਾ ਝੰਬਿਆ ਹਾੜ੍ਹਾਂ ਦਾ ਰਿੰਨ੍ਹਿਆ

ਕਰਜ਼ੇ ਚ ਪੋਟਾ ਪੋਟਾ ਪਿਆ ਵਿੰਨ੍ਹਿਆ

ਆ ਗਈ ਕੁੜਿੱਕੀ ਵਿੱਚ ਜਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ......


ਵੱਡਿਆਂ ਦੀ ਰੀਸੇ ਇਹਨੇ ਚੁੱਕ ਅੱਡੀਆਂ

ਲੈ ਲਏ ਟਰੈਕਟਰ ਨਾਲ਼ੇ ਗੱਡੀਆਂ

ਹੁੰਦਾ ਨਈਓਂ ਹੁਣ ਭੁਗਤਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਪੁੱਤ ਨੂੰ ਵਿਦੇਸ਼ ਦੀ ਦੁਮੂੰਹੀਂ ਲੜ ਗਈ

ਪੈਲ਼ੀ ਲਾਲ ਵਹੀਆਂ ਦੀ ਭੇਟ ਚੜ੍ਹ ਗਈ

ਰੋਲ਼ਤੇ ਏਜੰਟਾਂ ਅਰਮਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਰੋਕੋ ਇਹਨੂੰ ਰੋਕੋ ਕਿਹੜੇ ਰਾਹੇ ਪੈ ਗਿਆ

ਖ਼ੁਦ ਨੂੰ ਮੁਕੌਣ ਵਾਲੇ ਰਾਹੇ ਪੈ ਗਿਆ

ਬਚਿਆ ਨਾ ਮਾਣ-ਸਨਮਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਝੂਠਿਆਂ ਦੀ ਗ਼ੋਲੀ ਅਖ਼ਬਾਰੇ ਝੂਠੀਏ

ਮਿਹਨਤਾਂ ਦੀ ਲੋਟੂ ਸਰਕਾਰੇ ਝੂਠੀਏ

ਤੇਰਾ ਜੀਭ-ਮਲ਼ਵਾਂ ਬਿਆਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...








ਕਲਮਾਂ ਕਦੇ ਬਾਂਝ...

ਨਜ਼ਮ

ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ...

ਇਹ ਜੰਮਦੀਆਂ ਨੇ ਅਨੇਕ ਹਰਫ਼

ਜਿਵੇਂ ਇੱਕ ਮਾਂ ਦੇ ਜਾਏ

ਵੱਖ ਵੱਖ ਗੁਣਾਂ ਦੇ ਧਾਰਨੀ

ਇਹ ਹਰਫ਼ ਵੀ ਤਾਂ ਹੋ ਸਕਦੇ ਨੇ....

ਹਰਫਾਂ ਦੀ ਸਾਰਥਿਕਤਾ 'ਤੇ ਪ੍ਰਸ਼ਨ ਚਿੰਨ ਲਾਉਣ ਤੋਂ ਪਹਿਲਾਂ......

ਸ਼ਬਦਾਂ ਨੂੰ ਜਲਾਵਤਨ ਕਰਨ ਤੋਂ ਪਹਿਲਾਂ

ਜ਼ਰੂਰੀ ਹੈ ਲਾਹ ਦੇਵੋ ਬਿਗਾਨੀ ਸੋਚ ਦੀ ਐਨਕ

ਆਪਣੇ ਨੁਕਤਾ-ਨਜ਼ਰ ਨੂੰ

ਬਣੇ-ਬਣਾਏ ਨਿਯਮਾਂ ਦੀ ਸੂਲੀ 'ਤੇ ਨਾ ਚਾੜ੍ਹੋ

ਫਿਰ ਕੋਈ ਕਲਮ ਬਾਂਝ ਨਹੀਂ ਲੱਗੇਗੀ..








ਦੁਆ...


Ghazal
uTthe haiN mere hAAt(h) duaA maNg rahA huN.
cHhooTe na tera sAAtH dua maNg rahA huN.

din voh bHi tHe raKHa na kabHi yAAd KHuda ko,
din yeh BHii haiN din-rAAt duaA maNg rahA huN.

kehte haiN duaaON se bane bigRHa muqaDDer ,
meri BHii bane bAAt duaA maNg rahA huN.

khAlique BHii tuu mAlik BHii tuu rehmAn BHii maUla
dikhlAde karAmAt duaA maNg rahA huN.

suntA huN aSar lAyeiN duAyeiN hoN jo dil se
yA raBB ho inAyAt duaA maNg rahA huN.

ashiaAr mere rKHeiN aSar harfe-duaA sa
dede ye mujhe dAAt duaA maNg rahA huN.

GHAfil nA rahuN tuJHse terii yAAd se hargiz
hoN kaisE BHii hAlAAt duaA maNg rahA huN.
*****
ਗ਼ਜ਼ਲ
ਉੱਠੇ ਹੈਂ ਮੇਰੇ ਹਾਤ(ਥ) ਦੁਆ ਮਾਂਗ ਰਹਾ ਹੂੰ।
ਛੂਟੇ ਨਾ ਤੇਰਾ ਸਾਥ ਦੁਆ ਮਾਂਗ ਰਹਾ ਹੂੰ।

ਦਿਨ ਵੋਹ ਭੀ ਥੇ ਮੈਨੇ ਨਾ ਕਿਯਾ ਯਾਦ ਖ਼ੁਦਾ ਕੋ
ਦਿਨ ਯੇ ਭੀ ਹੈਂ ਦਿਨ-ਰਾਤ ਦੁਆ ਮਾਂਗ ਰਹਾ ਹੂੰ।

ਕਹਤੇ ਹੈਂ ਦੁਆਓਂ ਸੇ ਬਨੇ ਬਿਗੜਾ ਮੁਕੱਦਰ
ਮੇਰੀ ਭੀ ਬਨੇ ਬਾਤ ਦੁਆ ਮਾਂਗ ਰਹਾ ਹੂੰ।

ਖ਼ਾਲਿਕ਼ ਭੀ ਤੂ, ਮਾਲਿਕ ਭੀ ਤੂ ਰਹਿਮਾਨ ਭੀ ਮੌਲਾ
ਦਿਖਲਾਦੇ ਕਰਾਮਾਤ ਦੁਆ ਮਾਂਗ ਰਹਾ ਹੂੰ।

ਸੁਨਤਾ ਹੂੰ ਅਸਰ ਲਾਏਂ ਦੁਆਏਂ ਹੋਂ ਜੋ ਦਿਲ ਸੇ
ਯਾ ਰੱਬ ਹੋ ਇਨਾਯਾਤ ਦੁਆ ਮਾਂਗ ਰਹਾ ਹੂੰ।

ਅਸ਼ਿਆਰ ਮੇਰੇ ਰੱਖੇਂ ਅਸਰ ਹਰਫ਼ੇ ਦੁਆ ਸਾ
ਦੇ ਦੇ ਯੇ ਮੁਝੇ ਦਾਤ ਦੁਆ ਮਾਂਗ ਰਹਾ ਹੂੰ।

'ਗ਼ਾਫ਼ਿਲ' ਨਾ ਰਹੂੰ ਤੁਝਸੇ ਤੇਰੀ ਯਾਦ ਸੇ ਹਰਗਿਜ਼
ਹੋਂ ਕੈਸੇ ਭੀ ਹਾਲਾਤ ਦੁਆ ਮਾਂਗ ਰਹਾ ਹੂੰ।

ਤਿੜਕੇ ਸ਼ੀਸ਼ੇ ਸਹਿਮੇ ਚਿਹਰੇ...

ਗ਼ਜ਼ਲ
ਤਿੜਕੇ ਸ਼ੀਸ਼ੇ ਸਹਿਮੇ ਚਿਹਰੇ ਬਿਖਰੇ ਮੰਜ਼ਰ ਦਿਸਦੇ ਨੇ।
ਅੱਲ੍ਹਾ ਬਖਸ਼ੇ ਖ਼ਾਬ ਅਜੇਹੇ ਮੈਨੂੰ ਅਕਸਰ ਦਿਸਦੇ ਨੇ।

ਖ਼ੌਫ਼ ਜਿਹਾ ਆਉਂਦਾ ਏ ਮੈਨੂੰ ਮਦਰੱਸੇ ਦੇ ਰਾਹਾਂ ਚੋਂ,
ਬਾਲਾਂ ਦੇ ਬਸਤੇ ਵਿੱਚ ਪੁਸਤਕ ਦੀ ਥਾਂ ਖ਼ੰਜਰ ਦਿਸਦੇ ਨੇ।

ਕਾਲੀ ਬੋਲ਼ੀ ਰਾਤ ਸਰਾਪੀ ਪੌਣ ਚਿਰਾਗ਼ਾਂ ਦੀ ਹੋਣੀ,
ਰੋਵਾਂ ਜਦ ਵੀ ਛੱਬੀ ਸਾਲ ਪੁਰਾਣੇ ਚਿੱਤਰ ਦਿਸਦੇ ਨੇ।

ਖ਼ੁਦ ਚੀਚੀ ਨੂੰ ਖ਼ੂਨ ਲਗਾ ਕੇ ਹੋਣ ਸ਼ੁਮਾਰ ਸ਼ਹੀਦਾਂ ਵਿੱਚ,
ਉਹ ਜਿਹਨਾਂ ਨੂੰ ਜ਼ਖ਼ਮ ਅਸਾਡੇ ਕੂੜ ਚਲਿੱਤਰ ਦਿਸਦੇ ਨੇ।

ਇਹ ਕੀ ਅਜਬ ਤਮਾਸ਼ਾ 'ਗ਼ਾਫ਼ਿਲ' ,ਵਹਿਣ ਕਸੂਤਾ ਵਹਿੰਦਾ ਹੈ,
ਇੱਕ ਨਦੀ ਦਾ ਪਾਣੀ ਭਰਦੇ ਸੱਤ ਸਮੁੰਦਰ ਦਿਸਦੇ ਨੇ।








ਸਰਾਪੀ ਰਾਤ ਮੁੱਕੇ....

ਗ਼ਜ਼ਲ
ਸਰਾਪੀ ਰਾਤ ਮੁੱਕੇ ਸੁਬਹਾ ਦਾ ਮੰਜ਼ਰ ਨਜ਼ਰ ਆਵੇ ।
ਕਦੇ ਅਖ਼ਬਾਰ ਵਿੱਚ ਸੁਖ-ਸਾਂਦ ਵਾਲੀ ਵੀ ਖ਼ਬਰ ਆਵੇ ।

ਕਿਰਨ ਆਸ਼ਾ ਦੀ ਚਮਕੇ ਜਾਂ ਕੋਈ ਉੱਮੀਦ ਬਰ ਆਵੇ ।
ਜੇ ਦੁਨੀਆ ਖ਼ਾਬ ਹੈ ਤਾਂ, ਖ਼ਾਬ ਕੁੱਝ ਬਿਹਤਰ ਨਜ਼ਰ ਆਵੇ।

ਇਹ ਕੇਹਾ ਵਹਿਮ ਹੈ ਜੋ ਕਰ ਗਿਆ ਏ ਘਰ ਦਿਲਾਂ ਅੰਦਰ,
ਅਸਾਨੂੰ ਬਸਤੀਆਂ ਤੋਂ, ਘਰ ਤੋਂ , ਹਮਸਾਇਆਂ ਤੋਂ ਡਰ ਆਵੇ ।

ਇਹ ਦਸਤਾਰਾਂ, ਇਮਾਮੇ, ਤੁੱਰੇ, ਟੋਪੀ ਮਹਿਜ਼ ਕੱਪੜਾ ਹੈ,
ਜੇ ਇਹਨਾਂ ਵਾਸਤੇ ਨਾ ਕੋਈ ਗ਼ੈਰਤਮੰਦ ਸਰ ਆਵੇ ।

ਇਹ ਲੋਕੀ ਤਾਂ, “ਖੜਾਵਾਂ-ਰਾਜ ” ਦੇ ਆਦੀ ਨੇ ਐ ‘ਗ਼ਾਫ਼ਿਲ ’
ਇਨਾਂ ਨੂੰ ਕੀ ਜੋ ਸੱਚ ਬਨਵਾਸ ਕੱਟੇ ਜਾਂ ਕਿ ਘਰ ਆਵੇ।

ਦਿਲਾ ਪੱਥਰ-ਦਿਲਾਂ ਵਿੱਚ...

ਗ਼ਜ਼ਲ
ਦਿਲਾ ਪੱਥਰ-ਦਿਲਾਂ ਵਿੱਚ ਰਹਿ ਕੇ ਤੂੰ ਪੱਥਰ ਨਾ ਬਣ ਜਾਵੀਂ।
ਦਿਲਾਂ ਨੂੰ ਠੇਸ ਪਹੁੰਚਾਵੇ ਤੂੰ ਉਹ ਅੱਖਰ ਨਾ ਬਣ ਜਾਵੀਂ।

ਜਿਵੇਂ ਰੱਖਦਾ ਏ ਦਿਲਬਰ ਤੂੰ ਉਵੇਂ ਰਾਜ਼ੀ ਰਹੀਂ ਕਿਧਰੇ,
ਨਘੋਚਾਂ ਕਰਕੇ ਐ ਦਿਲ ਫੇਰ ਤੋਂ ਬੇਘਰ ਨਾ ਨਾ ਬਣ ਜਾਵੀਂ।

ਬੁਰੇ ਮੋਸਮ ਨੇ ਛਣਕਣ ਦਾ ਕਦੇ ਮੌਕਾ ਨਹੀਂ ਦੇਣਾ,
ਸਰਾਪੀ ਜੂਨ ਭੋਗੇਂਗਾ ਕਿਤੇ ਝਾਂਜਰ ਨਾ ਬਣ ਜਾਵੀਂ।

ਅਗਰ ਸਤਿਕਾਰ ਚਾਹੁੰਦਾ ਏਂ ਸੁਹਾਣਾ ਖ਼ਾਬ ਬਣਕੇ ਮਿਲ,
ਨਜ਼ਰ ਧਿਤਕਾਰ ਦੇਵੇ ਇੰਝ ਦਾ ਮੰਜ਼ਰ ਨਾ ਬਣ ਜਾਵੀਂ।

ਕਿਸੇ ਨਾਜ਼ੁਕ ਕਲੀ ਦੇ ਵਾਂਗਰਾਂ ਹੁਣ ਤਾਂ ਨਜ਼ਰ ਆਉਂਦੈਂ,
ਕਿਤੇ ਦਿਲ ਵਿੱਚ ਵਸੇਂਦੇ ਸਾਰ ਹੀ ਖ਼ੰਜਰ ਨਾ ਬਣ ਜਾਵੀਂ।

ਬਿਠਾਵੇ ਕੀਲ ਕੇ ਮੈਨੂੰ ਜੋ ਇੱਕ ਥਾਵੇਂ ਉਹ ਮੰਜ਼ਿਲ ਬਣ,
ਕਿਤੇ ਆਵਾਰਗੀ ਜਾਂ ਪੈਰ ਦਾ ਚੱਕਰ ਨਾ ਬਣ ਜਾਵੀਂ।

ਜੋ ਮੰਜ਼ਿਲ ਦਾ ਪਤਾ ਦੇਵੇ ਤੂੰ ਐਸਾ ਮੀਲ ਪੱਥਰ ਬਣ,
ਅੜਿੱਕਾ ਡਾਹਵੇ ਰਾਹਾਂ ਵਿੱਚ ਤੂੰ ਉਹ ਪੱਥਰ ਨਾ ਬਣ ਜਾਵੀਂ।

ਤੂੰ ਗ਼ੈਰਤ ਨਾਲ ਜੀ 'ਗ਼ਾਫ਼ਿਲ', ਤੂੰ ਗ਼ੈਰਤ ਨਾਲ ਮਰ 'ਗ਼ਾਫ਼ਿਲ'
ਕਿਤੇ ਬੇਗ਼ੈਰਤਾ ਜਾਂ ਤਰਸ ਦਾ ਪਾਤਰ ਨਾ ਬਣ ਜਾਵੀਂ।
27-10-2007

उजड़ चुकी ही सही...

ग़ज़ल
उजड़ चुकी ही सही हैं तो बस्तियां फिर भी।
ख़ामोशीयोँ ने कही हैं कहानियां फिर भी।

लबे-ब-मुहर जिये हम कि तू ना रुसवा हो,
उठाई हम पे मगर तूने उँगलियाँ फिर भी।

भँवर हज़ार मिले वक़्त के समन्दर में,
रवाँ रही हैँ मुहब्बत की कशतियाँ फिर भी।

लिया है जोग भी बनवास भी सहा लेकिन,
हमें ना हीर मिली है ना चूरियाँ फिर भी।

ये और बात मेरा आशियाँ तमाम हुया,
मेरी तलाश ना छोड़ेंगी बिजलियाँ फिर भी।

तमाम उम्र सदायें लगाते गुज़री है,
खुले ना मेरे लिये दर ना खिड़कियाँ फिर भी।

खुदा के सामने सजदा किया कुफ़र छोड़ा,
गई ना दिल से मगर बुतप्रसतियाँ फिर भी।

ये सच है शोख़ हैं चंचल हैं दिलरुबा हैं ये
मसल ही जाते हैं कुछ लोग तितलियाँ फिर भी।

इनी से रौनक़े बज़्मे हयात कायम है
सितमज़दा हैं मगर चुप हैं लड़कियाँ फिर भी।

तुमारी चाह में हम ख़ाक़ में मिले ग़ाफ़िल
उतर ना पाया तू रुतबों की सीढ़ियाँ फिर भी।
4-11-2007

ਜਦ ਤੋਂ ਬਦਲੇ...

ਗ਼ਜ਼ਲ
ਜਦ ਤੋਂ ਬਦਲੇ ਤੇਰੇ ਤੇਵਰ।
ਘਰ ਵੀ ਨਾ ਲਗਦੈ ਮੈਨੂੰ ਘਰ।

ਜਿਸਮ ਸਜਾਵਣ ਬਸਤਰ ਜ਼ੇਵਰ।
ਕਿੰਝ ਸਜਾਈਏ ਮਨ ਦਾ ਖੰਡਰ।

ਪਾਣੀ ਬਾਝੋਂ ਖ਼ਾਲੀ ਗਾਗਰ।
ਤੋੜ ਲਈ ਸੁਟ ਸੁਟ ਕੇ ਕੰਕਰ।

ਪਰਦੇਸਾਂ ਦੀ ਘੁੰਮਣ-ਘੇਰੀ
ਨਾ ਮੈਂ ਏਧਰ ਨਾ ਮੈਂ ਓਧਰ।

ਇਸ ਭਟਕਣ ਨੂੰ ਨਾਮ ਕੀ ਦੇਵਾਂ
ਆਪ ਮੈਂ ਮੰਜ਼ਿਲ ਆਪ ਮੁਸਾਫ਼ਰ।

ਜ਼ੋਰਾਵਰ ਕੁਝ ਧਿੰਗੋ-ਜ਼ੋਰੀ
ਬਣ ਬੈਠੇ ਫ਼ਨਕਾਰ, ਸੁਖ਼ਨਵਰ।

ਦਿਲ ਵਾਲੇ ਤਖ਼ਤਾਂ ਤਾਜਾਂ ਨੂੰ
ਠੋਕਰ ਮਾਰਨ ਪਿਆਰ ਦੀ ਖ਼ਾਤਰ ।

ਐ ਕਮ-ਅਕਲੋ ਰਹਿਣ ਦਿਓ ਹੁਣ
ਕੁਝ ਰਿਸ਼ਤੇ ਤਾਂ ਪਾਕ-ਪਵਿੱਤਰ।

ਮਨ ਮਸਤਿਕ ਰੁਸ਼ਨਾਉਂਦੇ 'ਗ਼ਾਫ਼ਿਲ'
ਚਾਨਣ, ਦੀਪਕ, ਉਲਫ਼ਤ, ਪਾਤਰ ।






ਦਰਦਾਂ ਮਾਰੇ ਜਾਣ...

ਗ਼ਜ਼ਲ
ਦਰਦਾਂ ਮਾਰੇ ਜਾਣ ਕਿਧਰ ਨੂੰ।
ਦਿਲ ਸਾਂਭਣ ਜਾਂ ਰੋਣ ਜਿਗਰ ਨੂੰ।

ਜਿਹੜਾ ਕੰਮ ਕਿਸੇ ਨਾ ਆਵੇ
ਚੁੱਲ੍ਹੇ ਡਾਹਵੋ ਓਸ ਹੁਨਰ ਨੂੰ।

ਉਮਰਾਂ ਲਈ ਬਨਵਾਸੀ ਕਰਕੇ
ਪੁੱਛਦੇ ਨੇ ਕਦ ਆਉਣੈ ਘਰ ਨੂੰ।

ਕੀ ਅਹਿਸਾਸ ਕਿਸੇ ਦੇ ਗ਼ਮ ਦਾ
ਤੰਗ-ਦਿਲੇ ਨੂੰ,ਤੰਗ-ਨਜ਼ਰ ਨੂੰ।

ਮੇਰੇ ਸਿਦਕ ਨੂੰ ਤੂੰ ਅਜ਼ਮਾ ਲੈ
ਤੇ ਮੈਂ ਤੇਰੇ ਜ਼ੁਲਮ ਜਬਰ ਨੂੰ।

ਜੀਂਦੇ ਨੂੰ ਦੁਰਕਾਰਦੇ ਸਨ ਜੋ
ਪੂਜਣ ਓਹੀ ਢੋਰ ਕਬਰ ਨੂੰ।

ਚਲ 'ਗ਼ਾਫ਼ਿਲ' ਹੁਣ ਜਾਣਾ ਪੈਣੈ
ਆਪੇ ਆਪਣੀ ਖੋਜ-ਖ਼ਬਰ ਨੂੰ।

बिन तेरे मौसम में....

ग़ज़ल
बिन तेरे मौसम में कोई दिलकशी होती नहीं।
मुसकुराते हैँ मगर दिल मेँ खुशी होती नहीं।

सहने दिल की ज़ुलमतों में रौशनी होती नहीं,
जब तलक आँखोँ मेँ सूरत आपकी होती नहीं।

हमने ये माना मुकद्दर मेँ नहीं उनका हुसूल,
कया करें हमसे तमन्ना ग़ैर की होती नहीं।

ये भी सच है ज़िंदगी जैसा नहीँ कुछ भी बचा,
हमसे लेकिन चाह के भी खुदकुशी होती नहीं।

ये भी कया मक़्सद बिना मँज़िल बिना चलते चलो,
जीने वालो जीते जाना ज़िँदगी होती नहीं।

ਸਿਰਫ਼ ਸਿਖਿਆਰਥੀਆਂ ਲਈ...

ਲੇਖ
ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀ ਦਾ ਹਰ ਕਵੀ ਗ਼ਜ਼ਲ ਲਿਖ ਰਿਹਾ ਹੈ..ਪਰ ਇਹ ਵਿਧਾ ਸਭ ਤੋਂ ਪਹਿਲਾਂ ਅਰਬੀ ਵਿੱਚ ਪ੍ਰਚੱਲਿਤ ਹੋਈ ਸੀ ਫਿਰ ਫ਼ਾਰਸੀ (ਇਰਾਨ) ਦੇ ਰਸਤੇ ਹੁੰਦੀ ਹੋਈ ਉਰਦੂ ਤੇ ਫਿਰ ਪੰਜਾਬੀ ਕਾਵਿ ਵਿੱਚ ਸ਼ਾਮਿਲ ਹੋਈ। ਪਰ ਇਕ ਹੋਰ ਜ਼ੁਬਾਨ ਦੇ ਛੰਦ ਪ੍ਰਬੰਧ ਵਿਚ ਲਿਖੀ ਜਾਣ ਦੇ ਬਾਵਜੂਦ ਲੋਕ ਪ੍ਰਿਯਤਾ ਦੇ ਮਾਮਲੇ ਚ ਪੰਜਾਬੀ ਦੀਆਂ ਰਿਵਾਇਤੀ ਕਾਵਿ-ਵਿਧਾਵਾਂ ਨੂੰ ਕਿਤੇ ਬਹੁਤ ਪਿੱਛੇ ਛੱਡ ਗਈ ਹੈ (ਜਿਵੇਂ ਕਿ ਇਸਦੇ ਵਿਰੋਧੀ ਕਹਿੰਦੇ ਨੇ ਕਿ ਅੱਗ ਮੰਗਣ ਆਈ ਘਰ ਵਾਲੀ ਬਣ ਕੇ ਬਹਿ ਗਈ)। ਮੈਂ ਕੋਈ ਗ਼ਜ਼ਲ ਦਾ ਅਲੋਚਕ ਨਹੀਂ...ਸਿਰਫ਼ ਸਿਖਿਆਰਥੀਆਂ ਨਾਲ ਆਪਣੇ ਸੰਖੇਪ ਵਿਚਾਰ ਸਾਂਝੇ ਕਰਾਂਗਾ ਤਾਂ ਜੋ ਉਹ ਗ਼ਜ਼ਲ ਨੂੰ ਹਊਆ ਸਮਝ ਕੇ ਵਾਰਤਕ ਕਵਿਤਾ ਦੇ ਰਾਹ ਨਾ ਪੈ ਜਾਣ..

ਗ਼ਜ਼ਲ ਕੀ ਹੈ?
ਗ਼ਜ਼ਲ ਮੂਲ ਰੂਪ ਵਿੱਚ ਅਰਬੀ ਦਾ ਸ਼ਬਦ ਹੈ ਜਿਸਦਾ ਅਰਥ ਹੈ ਖ਼ੂਬਸੂਰਤ ਔਰਤਾਂ ਨਾਲ ਜਾਂ ਉਨਾਂ ਬਾਰੇ ਗੱਲਾਂ ਕਰਨਾ । ਭਾਵ ਅਰਬੀ ਵਿੱਚ ਇਸ ਵਿਧਾ ਨੂੰ ਪਿਆਰ, ਮੁਹੱਬਤ, ਹਿਜਰ , ਵਿਸਾਲ, ਸ਼ਰਾਬ ਤੇ ਸ਼ਬਾਬ ਦੇ ਵਿਸ਼ਿਆਂ ਦੀ ਬੁਣਤੀ ਬੁਣਦਿਆਂ ਦੇਖਿਆ ਗਿਆ, ਪਰ ਪੰਜਾਬੀ ਗ਼ਜ਼ਲ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਗ਼ਜ਼ਲ ਨੂੰ ਨੇੜਿਓਂ ਜਾਣਨ ਲਈ ਇਸਦੇ ਰੂਪਕ ਪੱਖ ਨੂੰ ਜਾਣਨਾ ਅਤਿ ਜ਼ਰੂਰੀ ਹ ਤੇ ਉਹਨਾਂ ਸਤੰਭਾਂ ਨੂੰ ਸਮਝਣਾ ਪਵੇਗਾ ਜਿਨ੍ਹਾਂ ਤੇ ਗ਼ਜ਼ਲ ਦਾ ਢਾਂਚਾ ਟਿਕਿਆ ਹੋਇਆ ਹੈ।

ਗ਼ਜ਼ਲ ਦੀ ਪ੍ਰੰਪਰਿਕ ਪ੍ਰੀਭਾਸ਼ਾ--
ਅਗਰ ਸੰਖੇਪ ਵਿਚ ਗ਼ਜ਼ਲ ਦੀ ਪਹਿਚਾਣ ਕਰਨੀ ਹੋਵੇ ਤਾਂ ਮੇਰੀ ਜਾਚੇ ਗ਼ਜ਼ਲ ਸ਼ਿਅਰਾਂ (ਦੋ ਕਾਵਿਕ-ਤੁਕਾਂ) ਦੇ ਸਮੂਹ ਨੂੰ ਕਹਿੰਦੇ ਨੇ, ਜੋ ਮਤਲਾ, ਮਕਤਾ ,ਬਹਿਰ, ਕਾਫੀਆ, ਰਦੀਫ, ਵਰਗੇ ਮੁੱਖ ਨਿਯਮਾਂ ਦੇ ਅਨੁਰੂਪ ਹੋਣ। ਇਹਨਾਂ ਨਿਯਮਾਂ ਨੂੰ ਸਮਝਣ ਲਈ ਸੰਖੇਪ ਜਿਹੀ ਚਰਚਾ ਕਰਾਂਗਾ ।

ਸ਼ਿਅਰ ਕੀ ਹੈ?
ਸਿੱਧੇ ਸਾਦੇ ਸ਼ਬਦਾਂ ਚ ਸ਼ਿਅਰ ਦੋ ਸਤਰਾਂ ਦੇ ਬੰਦ ਨੂੰ ਕਹਿੰਦੇ ਨੇ ,ਇਹ ਬੰਦ ਅਪਣੇ ਆਪ ਵਿੱਚ ਇੱਕ ਸੰਪੂਰਨ ਕਵਿਤਾ ਹੈ। ਤੇ ਗ਼ਜ਼ਲ ਦਾ ਹਰ ਸ਼ਿਅਰ ਸੁਤੰਤਰ ਤੌਰ ਤੇ ਮੁਕੰਮਲ ਹੁੰਦਾ ਹੈ। ਉਹ ਆਪਣੇ ਤੋਂ ਪਹਿਲੇ ਜਾਂ ਬਾਦ ਵਾਲੇ ਸ਼ਿਅਰ ਦਾ ਮੁਹਤਾਜ਼ ਨਹੀਂ ਹੁੰਦਾ। ਇਹਨਾਂ ਦੀ ਆਪਸ ਵਿੱਚ ਸਿਰਫ਼ ਤਕਨੀਕੀ ਸਾਂਝ ਤੋਂ ਇਲਾਵਾ ਕੋਈ ਸਾਂਝ ਨਹੀਂ ਹੁੰਦੀ ।

ਮਤਲਾ ਕੀ ਹੈ?
ਮਤਲਾ ਦਾ ਅਰਥ ਹੈ ਉਗਮਣਾ ਜਾਂ ਸ਼ੁਰੂਆਤ ਹੋਣਾ ਸੋ ਇਸ ਤਰਾਂ ਉਹ ਸ਼ਿਅਰ ਜਿਸ ਨਾਲ ਗ਼ਜ਼ਲ ਸ਼ੁਰੂ ਹੁੰਦੀ ਹੈ ਉਹ ਗ਼ਜ਼ਲ ਦਾ ਮਤਲਾ ਹੈ। ਮਤਲੇ ਦੀਆਂ ਦੋਵੇਂ ਸਤਰਾਂ ਦਾ ਤੁਕਾਂਤ (ਕਾਫੀਆ) ਆਪਸ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ ਅਗਰ ਨਾਲ ਰਦੀਫ਼ ਵੀ ਹੈ ਤਾਂ ਉਹਦਾ ਦੁਹਰਾਓ ਲਾਜ਼ਮੀ ਹੈ। ਮਿਸਾਲ--

“ਮੇਰੇ ਹੱਥਾਂ ਚ ਜੋ ਪੱਥਰ ਹੈ ਉਹ ਪੱਥਰ ਨਾ ਸੀ ਪਹਿਲਾਂ।
ਸਰਾਪੇ ਮੋਸਮਾਂ ਵਰਗਾ ਕੋਈ ਮੰਜ਼ਰ ਨਾ ਸੀ ਪਹਿਲਾਂ।”

ਇੱਕ ਗ਼ਜ਼ਲ ਵਿੱਚ ਇਕ ਤੋਂ ਵੱਧ ਮਤਲੇ ਵੀ ਹੋ ਸਕਦੇ ਨੇ। (ਉਂਝ ਮੈਂ ਕੇਵਲ ਮਤਲਿਆਂ ਵਾਲੀ ਗ਼ਜ਼ਲ ਵੀ ਲਿਖੀ ਹੈ।) ਦੂਸਰੇ ਮਤਲੇ ਨੂੰ ਹੁਸਨੇ ਮਤਲਾ ਜਾਂ ਮਤਲਾ ਸਾਨੀ ਕਿਹਾ ਜਾਂਦਾ ਹੈ।ਮਿਸਾਲ--

“ਮੈਂ ਮੰਨਦਾ ਹਾਂ ਕਿ ਉਂਝ ਹਾਲਾਤ ਕੁਝ ਬਿਹਤਰ ਨਾ ਸੀ ਪਹਿਲਾਂ।
ਮਗਰ ਬਸਤੀ ਦੇ ਲੋਕਾਂ ਦੇ ਮਨਾਂ ਵਿਚ ਡਰ ਨਾ ਸੀ ਪਹਿਲਾਂ।”

ਇਸ ਤੋਂ ਬਾਅਦ ਦੇ ਸ਼ਿਅਰਾਂ ਨੂੰ ਸ਼ਿਅਰ ਹੀ ਕਿਹਾ ਜਾਂਦਾ ਹੈ। ਸ਼ਿਅਰ ਵਿਚ ਦੂਜੀ ਤੁਕ ਦਾ ਤੁਕਾਂਤ ਬਾਕੀ ਦੇ ਸ਼ਿਅਰਾਂ ਨਾਲ ਮਿਲਦਾ ਹੋਵੇਗਾ..ਪਹਿਲੀ ਤੁਕ ਤੁਕਾਂਤ ਰਹਿਤ ਹੋਵੇਗੀ। ਮਿਸਾਲ--

“ਗਲ਼ੇ ਲੱਗ ਲੱਗ ਕੇ ਮਿਲਦਾ ਹੁੰਦਾ ਸੀ ਇਹ ਬਾਂਸ ਦਾ ਜੰਗਲ
ਇਹ ਸੱਚ ਹੈ ਮੇਰੇ ਤਨ ਤੇ ਅੱਗ ਦਾ ਬਸਤਰ ਨਾ ਸੀ ਪਹਿਲਾਂ।”

ਮਕ਼ਤਾ ਕੀ ਹੈ?
ਪੁਰਾਣੇ ਜ਼ਮਾਨੇ ਤੋਂ ਹੀ ਇਹ ਰੀਤ ਤੁਰੀ ਆਉਂਦੀ ਹੈ ਕਿ ਗ਼ਜ਼ਲ ਦੇ ਅੰਤਮ ਸ਼ਿਅਰ ਵਿੱਚ ਸ਼ਾਇਰ ਆਪਣਾ ਉਪਨਾਮ ਜਿਹਨੂੰ ਗ਼ਜ਼ਲ ਦੀ ਭਾਸ਼ਾ ਵਿੱਚ ਤਖੱਲੁਸ ਕਹਿੰਦੇ ਨੇ ਬੜੇ ਹੀ ਢੰਗ ਨਾਲ ਗੁੰਦ ਦਿੰਦਾ ਸੀ ਕਿ ਉਹ ਸ਼ਿਅਰ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਂਦਾ ਸੀ ਤੇ ਇਹਦੇ ਨਾਲ ਹੀ ਉਹ ਗ਼ਜ਼ਲ ਪੂਰੀ ਹੋਣ ਦਾ ਐਲਾਨ ਤਾਂ ਕਰ ਹੀ ਦਿੰਦਾ ਸੀ ਤੇ ਗ਼ਜ਼ਲ ਤੇ ਆਪਣੀ ਮਲਕੀਅਤ ਦਾ ਠੱਪਾ ਵੀ ਲਾ ਦਿੰਦਾ ਸੀ। ਇਸ ਤਰਾਂ ਮਕਤਾ ਮਤਲਬ ਗ਼ਜ਼ਲ ਦਾ ਮੁਕਾਅ ਤੇ ਸ਼ਾਇਰ ਦਾ ਠੱਪਾ ਸਮਝਣਾ ਚਾਹੀਦਾ ਹੈ।ਹਾਲਾਂਕਿ ਅਜਕਲ ਬਿਨਾ ਤਖੱਲੁਸ ਵਾਲੇ ਮਕਤੇ ਵੀ ਕਹੇ ਜਾਂਦੇ ਨੇ ।ਮਿਸਾਲ ਦੇ ਤੌਰ ਤੇ ਇਹ ਮੇਰੀ ਗ਼ਜ਼ਲ ਦਾ ਮਕਤਾ ਹੈ--

“ਮਿਰੇ ਸੀਨੇ ਚ ਤੇਰੇ ਵਸਲ ਦੇ ਗੁਲਜ਼ਾਰ ਹੁੰਦੇ ਸਨ
ਮਿਰੇ ਸੀਨੇ ਚ ਤੇਰੇ ਹਿਜਰ ਦਾ ਖ਼ੰਜਰ ਨਾ ਸੀ ਪਹਿਲਾਂ।”

ਕਾਫੀਆ ਕੀ ਹੈ?
ਕਾਫੀਆ ਉਹ ਸ਼ਬਦ ਜੋ ਮਤਲੇ ਦੀ ਹਰ ਤੁਕ ਅਤੇ ਸ਼ਿਅਰ ਦੀ ਦੂਜੀ ਤੁਕ ਵਿਚ ਹੋਵੇ ਸੰਗੀਤਾਤਮਿਕਤਾ ਅਤੇ ਬੋਲਣ ਪੱਖੋਂ ਇਕੋ ਜਿਹੀ ਸਵਰ-ਧੁਨੀ ਪੈਦਾ ਕਰਦਾ ਹੈ ਜਿਵੇਂ ਉੱਪਰ ਦੱਸੇ ਗਏ ਸ਼ਿਅਰਾਂ ਵਿੱਚ ਪੱਥਰ, ਮੰਜ਼ਰ, ਬਿਹਤਰ, ਡਰ, ਬਸਤਰ ਅਤੇ ਖ਼ੰਜਰ ਆਦਿ ਤੇ ਇਸੇ ਸਿਲਸਿਲੇ ਦੇ ਹੋਰ ਸ਼ਬਦ ਵੀ ਕਾਫੀਏ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਸਕਦੇ ਨੇ ਜਿਵੇਂ-ਘਰ, ਚੱਕਰ, ਸਾਗਰ, ਅੰਬਰ ਆਦਿ।

ਰਦੀਫ਼ ਕੀ ਹੈ?
ਰਦੀਫ਼ ਉਹ ਸ਼ਬਦ ਹਨ ਜੋ ਸ਼ਾਇਰ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਾਫੀਏ ਦੇ ਨਾਲ ਜੋੜ ਲੈਂਦਾ ਹੈ। ਜਿਵੇਂ ਕਿ ਉੱਪਰ ਮਿਸਾਲ ਦੀ ਗ਼ਜ਼ਲ ਵਿੱਚ ਨਾ ਸੀ ਪਹਿਲਾਂ ਹੈ। ਇਹ ਹਰ ਸ਼ਿਅਰ ਦੀ ਦੂਜੀ ਤੁਕ ਵਿੱਚ ਕਾਫੀਏ ਦੇ ਨਾਲ ਨਾਲ ਦੁਹਰਾਈ ਜਾਵੇਗੀ। ਸਿੱਧੇ ਸ਼ਬਦਾਂ ਵਿੱਚ ਰਦੀਫ਼ ਕਾਫੀਏ ਦੇ ਅਰਥਾਂ ਨੂੰ ਬਹੁ-ਪਰਤੀ ਤੇ ਪ੍ਰਭਾਵੀ ਬਣਾਉਣ ਵਿਚ ਵੀ ਸਹਾਈ ਹੁੰਦੀ ਹੈ...ਹਾਲਾਂ ਕਿ ਅੱਜਕਲ ਬਿਨਾਂ ਰਦੀਫ਼ ਤੋਂ ਵੀ ਗ਼ਜ਼ਲ ਲਿਖੀ ਜਾਂਦੀ ਏ।

ਬਹਿਰ ਕੀ ਹੈ?
ਬਹਿਰ ਤੋਂ ਭਾਵ ਉਹ ਮੀਟਰ ਜਾਂ ਪੈਮਾਨਾ ਜੋ ਗ਼ਜ਼ਲ ਵਿੱਚ ਸੰਗੀਤਕਤਾ ਬਹਾਲ ਕਰਨ ਦਾ ਕੰਮ ਕਰਦਾ ਹੈ।ਜਿਵੇਂ ਕੱਪੜੇ ਨੂੰ ਨਾਪਣ ਦਾ ਪੈਮਾਨਾ ਹੈ ਮੀਟਰ ਹਾਂ ਕਿਸੇ ਜ਼ਮਾਨੇ ਚ ਗਜ਼ ਵੀ ਹੁੰਦੇ ਸਨ। ਅਨਾਜ਼ ਨੂੰ ਤੋਲਣ ਲਈ ਕਿੱਲੋ ਤੇ ਸੇਰ...ਇਸੇ ਤਰੀਕੇ ਨਾਲ ਗ਼ਜ਼ਲ ਦੇ ਸ਼ਿਅਰ ਦੀ ਲੰਬਾਈ ਜਾਂ ਸੰਗੀਤਕ ਮੋੜ ਘੋੜ ਪਰਖ਼ਣ ਲਈ ਜੋ ਪੈਮਾਨਾ ਇਸਤੇਮਾਲ ਕੀਤਾ ਜਾਂਦਾ ਹੈ ਉਸਨੂੰ ਬਹਿਰ ਕਹਿੰਦੇ ਨੇ । ਤੇ ਬਹਿਰਾਂ ਦੇ ਪੂਰੇ ਗਿਆਨ ਨੂੰ ਅਰੂਜ਼ ਕਹਿੰਦੇ ਨੇ...ਸਾਡੇ ਆਪਣੇ ਦੇਸੀ ਛੰਦ-ਪ੍ਰਬੰਧ ਨੂੰ ਪਿੰਗਲ ਕਹਿੰਦੇ ਨੇ।ਵੈਸੇ ਤਾਂ ਮੁੱਖ ਤੌਰ ਤੇ ਉੱਨੀ ਬਹਿਰਾਂ ਨੇ ਪਰ ਕਾਂਟ-ਛਾਂਟ ਦੇ ਤਰੀਕਿਆਂ ਨਾਲ ਇਨਾਂ ਦੇ ਬਹੁਤ ਸਾਰੇ ਵਜ਼ਨ ਬਣ ਗਏ ਨੇ ਜੋ ਪੰਜਾਬੀ ਗ਼ਜ਼ਲ ਵਾਸਤੇ ਪ੍ਰਚਲਿਤ ਨੇ।ਸੰਖੇਪ ਵਿੱਚ ਇਹ ਕਿ ਗ਼ਜ਼ਲ ਦੀ ਹਰ ਤੁਕ ਦੇ ਮੀਟਰ ਦੀ ਲੰਬਾਈ ਇੱਕੋ ਜਿੰਨੀ ਹੋਣੀ ਚਾਹੀਦੀ ਹੈ,ਤੁਕ ਵੱਡੀ ਛੋਟੀ ਹੋਣਾ ਇੱਕ ਬਹੁਤ ਵੱਡਾ ਐਬ ਗਿਣਿਆ ਜਾਂਦਾ ਹੈ।
ਉੱਪਰ ਮਿਸਾਲ ਦੇ ਤੌਰ ਤੇ ਦਿੱਤੇ ਸ਼ਿਅਰਾਂ ਦਾ ‘ਬਹਿਰ-ਹਜ਼ਜ਼ ਮੁਸੱਮਨ ਸਾਲਿਮ ’ ਹੈ ਭਾਵ ਚਾਰ ਮੁਫ਼ਾਈਲੁਨ ਇੱਕ ਤੁਕ । ਤਕਤੀਅ(ਟੁਕੜੇ) ਕਰਕੇ ਦੇਖ ਲੈਂਦੇ ਹਾਂ-
ਮੁ+ਫਾ+ਈ+ਲੁਨ
ਮਿ+ਰੇ +ਹੱ+ਥਾਂ
ਚ +ਜੋ +ਪੱ+ਥਰ
ਹੈ+ ਉਹ+ ਪੱ+ਥਰ
ਨ +ਸੀ +ਪਹਿ+ਲਾਂ।
ਅਭਿਆਸ ਦੇ ਦਿਨਾਂ ਵਾਸਤੇ ਚਾਰ ਫੇਲੁਨ ਦਾ ਵਜ਼ਨ(ਬਹਿਰ) ਮੁਫ਼ੀਦ ਰਹਿੰਦਾ ਹੈ।
ਮਿਸਾਲ--
ਫੇਲੁਨ ਫੇਲੁਨ ਫੇਲੁਨ ਫੇਲੁਨ
ਕੋਠੇ ਚੜ੍ਹ ਚੜ੍ਹ ਵਾਜਾਂ ਮਾਰਾਂ
ਸਜਣਾ ਹੁਣ ਤਾਂ ਮੋੜ ਮੁਹਾਰਾਂ
ਫੇ+ਲੁਨ
ਕੋ+ਠੇ
ਚੜ੍ਹ +ਚੜ੍ਹ
ਵਾ+ਜਾਂ
ਮਾ+ਰਾਂ

ਗੱਲਾਂ 'ਚੋਂ ਗੱਲ....

*ਮੇਰੀ ਮੁਹੱਬਤ ਤੋਂ ਸੜਨ ਵਾਲੇ ਬਣਾਉਣ ਦੋ ਦੀਆਂ ਚਾਰ ਗੱਲਾਂ - ਲੇਖ
ਲਓ ਕਰ ਲਓ ਗੱਲ ! ਕੋਈ ਏਸ ਸ਼ਾਇਰ ਨੂੰ ਸਮਝਾਓ ਭਾਈ ਗੱਲਾਂ ਨਾ ਕਰੀਏ ਤਾਂ ਕੀ ਕਰੀਏ....ਜੇ ਗਲ ਨਾ ਕੀਤੀ ਤਾਂ ਗਾਲੜੀ ਕੌਣ ਕਹੇਗਾ। ਪਰ ਇੱਕ ਗੱਲ ਜ਼ਰੂਰ ਹੈ ਕਿ ਮੈਂ ਕਿਸੇ ਦੀ ਮੁਹੱਬਤ ਤੋਂ ਸੜ ਕੇ ਦੋ ਦੀਆਂ ਚਾਰ ਗੱਲਾਂ ਕਰਨ ਵਾਲਿਆਂ ਦੇ ਕੱਲ੍ਹ ਵੀ ਖ਼ਿਲਾਫ਼ ਸੀ ਤੇ ਅੱਜ ਵੀ ਖ਼ਿਲਾਫ਼ ਹਾਂ....

ਓਦਾਂ ਇਹ ਸ਼ਾਇਰ ਵੀ ਕਮਾਲ ਹੁੰਦੇ ਨੇ....ਬਿਲਕੁਲ ਸਹੀ ਗੱਲ ਹੈ....ਅਸਮਾਨ ਨੂੰ ਟਾਕੀਆਂ ਲਾਉਂਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੀ ਹੈ ਯਕੀਨ ਦੁਆਉਣ ਲਈ ਪੀਲੂ ਕੀ ਕਹਿੰਦਾ...."ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ।" ਹੈ ਨਾ ਅਸਮਾਨ ਨੂੰ ਟਾਕੀ ਪਰ ਪੀਲੂ ਦੀ ਬੱਲੇ-ਬੱਲੇ ਇਹ ਤਾਂ ਅਤਿਕਥਨੀ ਅਲੰਕਾਰ ਹੈ ।ਉਸ ਤੋਂ ਬਾਦ ਤਾਂ ਅਤਿਕਥਨੀ ਅਲੰਕਾਰ ਪੰਜਾਬੀਆਂ ਦੀ ਜੀਵਨ-ਜਾਚ ਦਾ ਹਿੱਸਾ ਹੀ ਬਣ ਗਿਆ । ਇੱਕ ਆਮ ਆਦਮੀ ਵੀ ਜਾਣੇ -ਅਣਜਾਣੇ ਆਪਣੀ ਗੱਲ ਵਿੱਚ ਇਹ ਅਲੰਕਾਰ ਵਰਤ ਹੀ ਲੈਂਦਾ ਏ। ਪਰ ਇੱਕ ਗੱਲ ਪੱਕੀ ਏ ਕਿ ਇਹ ਅਲੰਕਾਰ ਇਨਸਾਨ ਦੇ ਇਰਾਦੇ ਦੀ ਪੁਖ਼ਤਗੀ ਦੇ ਹੂ-ਬ-ਹੂ ਦਰਸ਼ਨ ਕਰਵਾ ਦਿੰਦਾ ਏ।
ਜਦੋਂ ਇੱਕ ਮੁਹੱਬਤ ਕਰਨ ਵਾਲਾ ਆਪਣੇ ਮਹਿਬੂਬ ਨੂੰ ਖ਼ਤ ਲਿਖਦਾ ਏ ਤਾਂ ਜਿਆਦਾਤਰ ਏਸੇ ਅਲੰਕਾਰ ਦਾ ਇਸਤੇਮਾਲ ਕਰਦਾ ਏ।ਪਰ ਜਦੋਂ ਮੁਹੱਬਤ ਪਾਕ ਤੇ ਸੱਚੀ ਹੋਵੇ ਤਾਂ ਫਿਰ ਗੱਲ ਅਲੰਕਾਰਾਂ ਤੋਂ ਵੀ ਕਿਤੇ ਅਗਾਹਾਂ ਲੰਘ ਜਾਂਦੀ ਏ ਫਿਰ ਜਜ਼ਬਾਤ ਵਿਆਕਰਣ, ਛੰਦਾਂ ਦੀਆਂ ਵਲਗਣਾਂ ਨੂੰ ਤੋੜਦੇ ਹੋਏ ਆਪ ਮੁਹਾਰੇ ਹੋ ਜਾਂਦੇ ਨੇ,ਮੁਹੱਬਤ ਕਰਨ ਵਾਲੇ ਸਿਆਹੀ ਦੇ ਮੁਹਤਾਜ ਨਹੀਂ ਰਹਿੰਦੇ ਆਪਣੇ ਹੀ ਖ਼ੂਨ ਨਾਲ ਆਪਣੇ ਦਿਲ ਦੀ ਗੱਲ ਲਿਖ ਛੱਡਦੇ ਨੇ......ਉਹਨਾਂ ਦੀ ਮੁਹੱਬਤ ਤੋਂ ਸੜਨ ਵਾਲੇ ਭਾਵੇਂ ਦੋ ਦੀਆਂ ਚਾਰ ਗੱਲਾਂ ਕਰਨ ਜਾਂ ਹਜ਼ਾਰ। ਵਿਚਲੀ ਗੱਲ ਤਾਂ ਇਹ ਹੈ ਕਿ ਮੁਹੱਬਤ ਕਰਨ ਵਾਲੇ ਦੀ ਭਾਵਨਾ ਦੀ ਤਹਿ ਤੱਕ ਪਹੁੰਚਣ ਲਈ ਤੁਹਾਡੇ ਦਿਲ ਵਿੱਚ ਵੀ ਓਨਾ ਹੀ ਪਿਆਰ ਹੋਣਾ ਚਾਹੀਦਾ ਏ ਤੁਹਾਡੀ ਸੋਚ ਵੀ ਉਸ ਮੁਕਾਮ ਤੱਕ ਪਹੁੰਚੇ ਇਹ ਇੱਕ ਸ਼ਰਤ ਹੈ.....।
ਲਓ ਕਰ ਲਓ ਗੱਲ ! ਮੈਂ ਗੱਲ ਸ਼ਾਇਰਾਂ ਦੀ ਕਰਦਾ ਸੀ ਇਹ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਪਰ ਜੇ ਦੇਖਿਆ ਜਾਵੇ ਤਾਂ ਉੱਪਰਲੀਆਂ ਸਾਰੀਆਂ ਗੱਲਾਂ ਸ਼ਾਇਰਾਂ ਤੇ ਵੀ ਇੰਨ-ਬਿੰਨ ਢੁੱਕਦੀਆਂ ਨੇ।

ਆਪਣੇ ਜਜ਼ਬਾਤ ਪੇਸ਼ ਕਰਨ ਲਈ ਸ਼ਾਇਰ ਤਰਾਂ-ਤਰਾਂ ਦੇ ਹੀਲੇ-ਵਸੀਲੇ ਵਰਤਦਾ ਏ....ਨਵੇਂ-ਨਵੇਂ ਅਲੰਕਾਰ, ਛੰਦ, ਬਿੰਬ, ਉਪਮਾਵਾਂ, ਰਸ, ਅਣਛੋਹੀ ਸ਼ਬਦਾਬਲੀ, ਭਾਵਨਾਵਾਂ ਇਸਤੇਮਾਲ ਕਰ ਕੇ ਵਾਹ-ਵਾਹ ਖੱਟਦਾ ਏ...ਆਪਣੀ ਖ਼ੁਸ਼ਗਵਾਰ ਸ਼ਬਦਾਵਲੀ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੰਦਾ ਏ । ਕਈ ਵਾਰ ਲੋਕਾਂ ਦੇ ਦਰਦ ਬਿਆਨ ਕਰਦਿਆਂ ਉਹ ਖੁਦ ਦਰਦ ਹੋ ਜਾਂਦਾ ਏ..... ਭਾਵਨਾਵਾਂ ਦਾ ਵੇਗ ਏਨਾ ਤੇਜ਼ ਹੁੰਦਾ ਏ ਕਿ ਕਾਫੀਏ, ਰਦੀਫਾਂ, ਬਹਿਰ ਸਭ ਕੁੱਝ ਨਿਗੂਣਾ ਲੱਗਦਾ ਏ.....ਜੋ ਬਚਦਾ ਏ ਨਿਰਮਲ ਜਜ਼ਬਾਤ
ਅਸਾਂ ਤਾਂ ਖੂਨ ਵਿਚ ਡੁੱਬ ਕੇ ਸਦਾ ਲਿਖੀ ਹੈ ਗ਼ਜ਼ਲ ਓਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ- ਸੁਰਜੀਤ ਪਾਤਰ
ਹੁਣ ਇਹਨਾ ਨਿਰਮਲ ਜਜ਼ਬਾਤਾਂ ਨੂੰ ਸਮਝਣ ਲਈ ਆਪਣਾ ਹਿਰਦਾ ਵੀ ਤਾਂ ਨਿਰਮਲ ਕਰਨਾ ਪਏਗਾ.....ਜਿਸ ਭਾਵਨਾ ਤਹਿਤ ਇਹ ਵਿਚਾਰ ਉਪਜੇ ਉਸ ਭਾਵਨਾ ਦੀ ਥਾਹ ਤਾਂ ਪਾਉਣੀ ਹੀ ਪਏਗੀ ਨਹੀਂ ਤਾਂ ਖ਼ੂਨ ਅਤੇ ਪਾਣੀ(ਬਹਿਰ) 'ਚ ਡੁੱਬਣ ਦਾ ਅੰਤਰ ਕਿਵੇਂ ਪਤਾ ਲੱਗੇਗਾ......ਤਖ਼ੱਈਅਲ ਦੇ ਜਿਸ ਮੁਕਾਮ ਤੋਂ ਇਹ ਬੋਲ ਉੱਤਰੇ ਉਸ ਮੁਕਾਮ ਤੱਕ ਪਹੁੰਚੇ ਬਗੈਰ ਤਾਂ ਇਹਨਾਂ ਦੀਆਂ ਪਰਤਾਂ ਖੁੱਲ੍ਹਣੀਆਂ ਨਾ-ਮੁਮਕਿਨ ਅਮਲ ਹੈ।
ਨਹੀਂ ਤਾਂ---
ਮੈਂ ਕਿਹਦੀ ਕਿਹਦੀ ਜੁਬਾਨ ਫੜ ਲਾਂ ਹਜ਼ਾਰ ਮੂੰਹ ਨੇ ਹਜ਼ਾਰ ਗੱਲਾਂ**
-ਅਮਰੀਕ ਗ਼ਾਫ਼ਿਲ
ਸਿਤੰਬਰ 2009

ਗੀਤਾਂ ਦੇ ਬੋਲ ਤਿਹਾਏ....

ਗੀਤ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....
ਨੈਣ ਵੀ ਹੁਣ ਤਾਂ ਬੰਜਰ ਹੋ ਗਏ
ਤੁਪਕਾ ਨੀਰ ਨਾ ਆਏ...
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਇਹ ਜਨਮਾਂ ਤੋਂ ਪਿਆਸੇ ਮਾਏਂ
ਮੇਰੇ ਵਾਂਗ ਨਿਰਾਸੇ ਮਾਏਂ
ਘੁੰਮਦੇ ਫੜ ਕੇ ਕਾਸੇ ਮਾਏਂ
ਖ਼ੈਰ ਨਾ ਕੋਈ ਪਾਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਪਾਉਂਦੇ ਵੈਣ ਸੁਭਾਂਤ ਨੀ ਮਾਏਂ
ਰੋਂਦੇ ਬੈਠ ਇਕਾਂਤ ਨੀ ਮਾਏਂ
ਮੰਗਦੇ ਬੂੰਦ ਸਵਾਂਤ ਨੀ ਮਾਏਂ
ਕਿਹੜਾ ਲੱਭ ਲਿਆਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਰੱਤ ਜਿਗਰ ਦੀ ਸਾਰੀ ਮਾਏਂ
ਚੰਦਰੀ ਤੇਹ ਤੋਂ ਵਾਰੀ ਮਾਏਂ
ਕਰ ਤਦਬੀਰਾਂ ਹਾਰੀ ਮਾਏਂ
ਪਰ ਇਹ ਰਹੇ ਤਿਹਾਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਇੱਕ ਨਦੀ ਦੇ ਠੱਗੇ ਮਾਏਂ
ਦਰ ਦਰ ਭਟਕਣ ਲੱਗੇ ਮਾਏਂ
ਅੱਗੇ ਤੋਂ ਵੀ ਅੱਗੇ ਮਾਏਂ
ਤਰਿਸ਼ਨਾ ਨੇ ਭਟਕਾਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਲਾ ਕੇ ਦੇਖਿਆ ਟਿਲ ਨੀ ਮਾਏਂ
ਤੇਹ ਬੁਝਣੀ ਮੁਸ਼ਕਿਲ ਨੀ ਮਾਏਂ
ਗੀਤ ਅਤੇ ਗ਼ਾਫ਼ਿਲ ਨੀ ਮਾਏਂ
ਜੂਨ ਸਰਾਪੀ ਆਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਅਮਰੀਕ ਗ਼ਾਫ਼ਿਲ - ਆਰਸੀ 'ਤੇ ਖ਼ੁਸ਼ਆਮਦੀਦ

“....ਸ਼ਾਇਰੀ ਵਿਚਲੀ ਮੁਹੱਬਤ ਉਸ ਲਈ...ਇਕ ਸ਼ਖ਼ਸ ਵੀ ਹੈ...ਕਾਰਣ ਵੀ ਹੈ....ਮਕਸਦ ਵੀ ਹੈ...ਤੇ ਕੁਦਰਤ ਨਾਲ਼ ਜੁੜਨ ਦਾ ਇਕ ਹੁਨਰ ਵੀ ...“...ਦੋਸਤੋ! ਅੱਜ ਦੀ ਪੋਸਟ ‘ਚ ਆਬੂ ਧਾਬੀ ਵਸਦੇ ਸੁਪ੍ਰਸਿੱਧ ਗ਼ਜ਼ਲਗੋ ਜਨਾਬ ਅਮਰੀਕ ਗ਼ਾਫ਼ਿਲ ਸਾਹਿਬ ਦੀਆਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਸ਼ਾਮਿਲ ਕਰਦਿਆਂ, ਦਿਲੀ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ। ਪੂਰੀ ਪੋਸਟ ਦਾ ਆਨੰਦ ਲੈਣ ਲਈ ਅੱਜ ਆਰਸੀ ਦੇ ਲਿੰਕ ‘ਤੇ ਫੇਰੀ ਜ਼ਰੂਰ ਪਾਓ । ਬਹੁਤ-ਬਹੁਤ ਸ਼ੁਕਰੀਆ ਜੀ!ਅਦਬ ਸਹਿਤ ਤਨਦੀਪ

ਆਰਸੀ: ਅਮਰੀਕ ਗ਼ਾਫ਼ਿਲ - ਆਰਸੀ 'ਤੇ ਖ਼ੁਸ਼ਆਮਦੀਦ - ਗ਼ਜ਼ਲ http://punjabiaarsi.blogspot.com/2011/08/blog-post_20.html?spref=fb
ਸ਼ਾਇਰੀ ਵਿਚਲੀ ਮੁਹੱਬਤ ਉਸ ਲਈ...ਇਕ ਸ਼ਖ਼ਸ ਵੀ ਹੈ...ਕਾਰਣ ਵੀ ਹੈ....ਮਕਸਦ ਵੀ ਹੈ...ਤੇ ਕੁਦਰਤ ਨਾਲ਼ ਜੁੜਨ ਦਾ ਇਕ ਹੁਨਰ ਵੀ। ਉਸਦੇ ਸ਼ਬਦਾਂ ਵਿਚਲੇ ਸਾਰੇ ਰੰਗ ਰੇਤਲੇ ਟਿੱਬਿਆਂ ਦਾ ਮੌਸਮ ਬਦਲਣ ਦੀ ਸਮਰੱਥਾ ਵੀ ਰੱਖਦੇ ਨੇ....ਉੱਥੇ, ਜਿੱਥੇ ਮੌਸਮ ਬਸ ਨਾ-ਮਾਤਰ ਹੀ ਬਦਲਦਾ ਹੈ। ਅਤੇ ਇਹਨਾਂ ਸਾਰੇ ਮੌਸਮਾਂ ਦੀ ਇਕ ਸਟਿਲ ਲਾਈਫ ਤਿਆਰ ਹੋ ਕੇ ਉਸਦੀ ਕੰਧ ‘ਤੇ ਜੜੀ ਜਾਂਦੀ ਹੈ ਤਾ...


ਕੱਲ੍ਹ ਤੇ ਅੱਜ ....

ਨਜ਼ਮ
ਮੈਂ ਅਕਸਰ ਪੁੱਛਦਾ ਸੀ

ਤੈਨੂੰ ਅਨੇਕਾਂ ਸਵਾਲ

ਤੂੰ ਅਕਸਰ ਹੀ ਦਿੰਦੀ ਸੀ ਟਾਲ਼

ਕਿ “ਪਤਾ ਨਹੀਂ...”...

ਤੇ ਮੈਂ ਮੁਸਕੁਰਾ ਕੇ ਪੁੱਛ ਲੈਂਦਾ ਸੀ

“ਕਦੋਂ ਪਤਾ ਲੱਗੇਗਾ..”

ਤੂੰ ਫਿਰ ਓਸੇ ਭੋਲ਼ੇਪਨ ਵਿੱਚ

ਆਖਦੀ ਸੀ “ਪਤਾ ਨਹੀਂ”

ਮੈਂ ਇਹ ਸੋਚ ਕੇ ਚੁੱਪ ਹੋ ਜਾਂਦਾ

ਪਤਾ ਨਹੀਂ ਕਦ ਪਤਾ ਮਿਲੇਗਾ..

ਮੇਰੇ ਸਵਾਲਾਂ ਦੇ ਜਵਾਬਾਂ ਦਾ


ਅੱਜ ਜਦ

ਮੇਰੇ ਸਾਰੇ ਸਵਾਲ ਖੋ ਗਏ ..

ਬੇਮਾਇਨੇ ਹੋ ਗਏ

ਤੇ ਮੈਂ ਕੋਈ ਸਵਾਲ ਨਾ ਵੀ ਕਰਾਂ

ਤੂੰ ਕਹਿ ਦਿੰਦੀ ਏਂ

“ਕੁਝ ਨਾ ਵੀ ਬੋਲ ਮੈਨੂੰ ਪਤਾ ਹੈ....”

ਜ਼ਰੂਰੀ ਨਹੀਂ ਕਿ ਕਵਿਤਾ....

ਨਜ਼ਮ
ਜ਼ਰੂਰੀ ਨਹੀਂ ਕਿ ਕਵਿਤਾ
ਮਹਿਬੂਬ ਕੁੜੀ ਦੇ ਦਰਸ਼ਨੀ ਪਲਾਂ ਦੀ ਦੇਣ ਹੋਵੇ
ਕਵਿਤਾ ਤਾਂ ਕਦੇ ਵੀ ਕਿਤੇ ਵੀ ਜਨਮ ਲੈ ਲੈਂਦੀ ਏ.......
ਜਿਵੇਂ ਮਜਦੂਰ ਔਰਤ
ਸੜਕ ਦੇ ਕਿਨਾਰੇ ਹੀ ਪਾ ਲੈਂਦੀ ਏ ਛੁਟਕਾਰਾ
ਪ੍ਰਸੂਤੀ ਪੀੜਾਂ ਤੋਂ....
ਹਾਂ ! ਸਿਰਫ਼ ਮਹਿਬੂਬ ਦੇ ਬੁੱਲਾਂ ਦੀ ਲਾਲੀ ਹੀ
ਕਵਿਤਾ ਨੂੰ ਜਵਾਨੀ ਨਹੀਂ ਬਖਸ਼ਦੀ
ਸਾਹੂਕਾਰਾਂ ਦੀ ਲਾਲ ਬਹੀ ਦੀ ਭੇਟ ਚੜ੍ਹਦੀ
ਅੱਲ੍ਹੜ ਜਵਾਨੀ ਵੀ ਕਵਿਤਾ ਨੂੰ ਕਰ ਸਕਦੀ ਏ
ਵਕਤੋਂ ਪਹਿਲਾਂ ਮੁਟਿਆਰ.....
ਸਿਰਫ ਮਹਿਬੂਬ ਕੁੜੀ ਦਾ ਵਿਛੋੜਾ ਹੀ
ਕਵਿਤਾ ਨੂੰ ਖ਼ੂਨ ਦੇ ਹੰਝੂ ਨਹੀਂ ਰੁਆਉਂਦਾ
ਰੋਜ਼ੀ ਦੀ ਭਾਲ ਵਿੱਚ ਗਏ ਪੁੱਤਰ ਦੀ ਲਾਸ਼ ਦਾ
ਸਾਗਰਾਂ ਦੀ ਹਿੱਕ ਤੇ ਤੈਰ ਆਉਣਾ ਵੀ
ਕਵਿਤਾ ਨੂੰ ਮੌਤ ਦੀ ਦੁਆ ਬਣਾ ਸਕਦਾ ਏ........
ਕਵਿਤਾ ਸਿਰਫ਼ 'ਸਾਹਿਬਾਂ' ਨੂੰ
ਕੱਢ ਕੇ ਲਿਜਾਣ ਲਈ ਹੀ ਨਹੀਂ ਲਲਕਾਰ ਬਣਦੀ....
ਕਿਸੇ ਹੱਕਦਾਰ ਦੇ ਹੱਕਾਂ ਲਈ
ਕਿਸੇ ਜ਼ਰਦਾਰ ਦੇ ਖਿਲਾਫ਼
ਵਿਦਰੋਹ ਬਣ ਸਕਦੀ ਏ...
ਕਵਿਤਾ ਤਾਂ ਕਵਿਤਾ ਹੈ,
ਕਦੇ ਵੀ ਕਿਤੇ ਵੀ ਜਨਮ ਲੈ ਲੈਂਦੀ ਏ.....