Monday, September 12, 2011

ਤਿੜਕੇ ਸ਼ੀਸ਼ੇ ਸਹਿਮੇ ਚਿਹਰੇ...

ਗ਼ਜ਼ਲ
ਤਿੜਕੇ ਸ਼ੀਸ਼ੇ ਸਹਿਮੇ ਚਿਹਰੇ ਬਿਖਰੇ ਮੰਜ਼ਰ ਦਿਸਦੇ ਨੇ।
ਅੱਲ੍ਹਾ ਬਖਸ਼ੇ ਖ਼ਾਬ ਅਜੇਹੇ ਮੈਨੂੰ ਅਕਸਰ ਦਿਸਦੇ ਨੇ।

ਖ਼ੌਫ਼ ਜਿਹਾ ਆਉਂਦਾ ਏ ਮੈਨੂੰ ਮਦਰੱਸੇ ਦੇ ਰਾਹਾਂ ਚੋਂ,
ਬਾਲਾਂ ਦੇ ਬਸਤੇ ਵਿੱਚ ਪੁਸਤਕ ਦੀ ਥਾਂ ਖ਼ੰਜਰ ਦਿਸਦੇ ਨੇ।

ਕਾਲੀ ਬੋਲ਼ੀ ਰਾਤ ਸਰਾਪੀ ਪੌਣ ਚਿਰਾਗ਼ਾਂ ਦੀ ਹੋਣੀ,
ਰੋਵਾਂ ਜਦ ਵੀ ਛੱਬੀ ਸਾਲ ਪੁਰਾਣੇ ਚਿੱਤਰ ਦਿਸਦੇ ਨੇ।

ਖ਼ੁਦ ਚੀਚੀ ਨੂੰ ਖ਼ੂਨ ਲਗਾ ਕੇ ਹੋਣ ਸ਼ੁਮਾਰ ਸ਼ਹੀਦਾਂ ਵਿੱਚ,
ਉਹ ਜਿਹਨਾਂ ਨੂੰ ਜ਼ਖ਼ਮ ਅਸਾਡੇ ਕੂੜ ਚਲਿੱਤਰ ਦਿਸਦੇ ਨੇ।

ਇਹ ਕੀ ਅਜਬ ਤਮਾਸ਼ਾ 'ਗ਼ਾਫ਼ਿਲ' ,ਵਹਿਣ ਕਸੂਤਾ ਵਹਿੰਦਾ ਹੈ,
ਇੱਕ ਨਦੀ ਦਾ ਪਾਣੀ ਭਰਦੇ ਸੱਤ ਸਮੁੰਦਰ ਦਿਸਦੇ ਨੇ।
No comments: