ਗ਼ਜ਼ਲ
ਬਾਗ਼ 'ਚ ਚਾਰੇ ਪਾਸੇ ਲਾ ਕੇ ਬੈਠੇ ਮਹਿਫ਼ਿਲ ਕੰਡੇ।
ਫੁੱਲਾਂ, ਮਹਿਕ, ਤਮੰਨਾ, ਅਰਮਾਨਾਂ ਦੇ ਕ਼ਾਤਿਲ ਕੰਡੇ।
ਆਪੋ ਅਪਣੀ ਫ਼ਿਤਰਤ ਸਭ ਦੀ ਕੌਣ ਕਿਸੇ 'ਤੇ ਰੀਝੇ
ਫੁੱਲ ਨਾ ਮਹਿਕ ਖਿੰਡਾਉਣੋ ਟਲ਼ਦੇ ਲਾ ਬੈਠੇ ਟਿਲ ਕੰਡੇ।
ਕੋਈ ਅਰਜ਼ ਗੁਜ਼ਾਰੇ ਹਾੜਾ ਕੱਢੇ ਨਾਰਾ ਮਾਰੇ,
ਚੋਭਾਂ ਲਾਉਣੋ ਬਾਜ਼ ਨਾ ਆਉਂਦੇ ਤੌਬਾ ਸੰਗਦਿਲ ਕੰਡੇ।
ਮੇਰੀ ਤਾਂ ਅਰਦਾਸ ਇਹੀ ਹੈ ਵਾਹਿਗੁਰੂ ਦੇ ਅੱਗੇ,
ਏਸ ਫੁਲੇਰ ਚੰਗੇਰ 'ਚ ਕਿਧਰੇ ਹੋਣ ਨਾ ਸ਼ਾਮਿਲ ਕੰਡੇ।
ਨਾਜ਼ੁਕ ਪੈਰ ਮਲੂਕ ਸਜਨ ਦੇ ਵਿੰਨ੍ਹੇ ਹੀ ਨਾ ਜਾਵਣ'
ਪਲਕਾਂ ਨਾਲ਼ ਚੁਗਾਂਗਾ ਉਹਦੇ ਰਾਹੋਂ 'ਗ਼ਾਫ਼ਿਲ' ਕੰਡੇ।
1 comment:
ਨਾਜ਼ੁਕ ਪੈਰ ਮਲੂਕ ਸਜਨ ਦੇ ਵਿੰਨ੍ਹੇ ਹੀ ਨਾ ਜਾਵਣ
ਪਲਕਾਂ ਨਾਲ਼ ਚੁਗਾਂਗਾ ਉਹਦੇ ਰਾਹੋਂ 'ਗ਼ਾਫ਼ਿਲ' ਕੰਡੇ।
.......
ਹਾਏ! ਕੰਡੇ! ਹਾ ਹਾ ਹਾ...ਗ਼ਾਫ਼ਿਲ ਸਾਹਿਬ! ਇਹ ਦੋਵੇਂ ਗ਼ਜ਼ਲਾਂ ਮੇਰੇ ਚੇਤਿਆਂ 'ਚ ਕਿਧਰੇ ਡੂੰਘੀਆਂ ਖੁਣੀਆਂ ਗਈਆਂ ਹਨ...:)ਏਥੇ ਕੋਈ ਕੰਡੇ ਨਹੀਂ ਆਉਣਗੇ ਤੇ ਹੁਣ ਮੈਂ ਆਰਾਮ ਨਾਲ਼ ਜਦੋਂ ਜੀ ਚਾਹੇ...ਤੁਹਾਡੇ ਬਲੌਗ ਬਾਗ਼ 'ਚ ਨੰਗੇ ਪੈਰੀਂ ਆ ਕੇ ਟਹਿਲ ਸਕਦੀ ਆਂ ..:)ਜਦੋਂ ਵੀ ਗ਼ਜ਼ਲ ਪੜ੍ਹਾਂ...ਕੰਡੇ ਹੁਰੀਂ ਪਰ ਯਾਦ ਜ਼ਰੂਰ ਆ ਜਾਂਦੇ ਨੇ..:)ਫੁੱਲਾਂ, ਮਹਿਕ, ਤਮੰਨਾ, ਅਰਮਾਨਾਂ ਦੇ ਕ਼ਾਤਿਲ ਕੰਡੇ..ਸਾਰੇ ਫੇਸਬੁੱਕ 'ਤੇ ਰਹਿ ਗਏ ਨੇ...:)ਇਹ (ਨਜ਼ਰਬੱਟੂ) ਗ਼ਜ਼ਲ ਏਥੇ ਪੋਸਟ ਕਰਨ ਲਈ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ...:)
ਅਦਬ ਸਹਿਤ
ਤਨਦੀਪ
Post a Comment