Monday, September 12, 2011

ਜ਼ਿੰਦਗੀ....

ਜ਼ਿੰਦਗੀ ( ਇੱਕ ਖੁੱਲ੍ਹੀ ਉਡਾਰੀ)
ਨਜ਼ਮ
ਮਹਾਂਨਗਰ ਦੇ ਚੌਰਾਹੇ ਦੇ ਵਿੱਚ ਖਲੋ ਕੇ ਤਕਦਾ ਹਾਂ ਰਸਤਿਆਂ ਨੂੰ,
ਤਾਂ ਓਸ ਰਸਤੇ ਦੀ ਯਾਦ ਆਉਂਦੀ ,
ਉਹ ਰਸਤਾ ਜਿੱਥੇ ਕਿ ਪਹਿਲੀ ਵਾਰੀ ਮੈਂ ਜ਼ਿੰਦਗੀ ਨੂੰ ਨਿਹਾਰਿਆ ਸੀ,
ਕਰੀਬ ਤੋਂ ਵੀ ਕਰੀਬ ਹੋ ਕੇ ਮੈਂ ਨਾਮ ਉਸਦਾ ਪੁਕਾਰਿਆ ਸੀ,
ਉਹ ਨਾਲ ਸੀ ਤਾਂ ਹਰੇਕ ਪਾਸੇ ਜਿਵੇਂ ਕਿ ਮੌਸਮ ਬਹਾਰ ਦਾ ਸੀ,
ਹਵਾ ਸੁਗੰਧਿਤ ਸੀ ਖੁਸ਼ਨੁਮਾ ਸੀ ਤੇ ਦਿਨ ਬੜੇ ਖ਼ੁਸ਼ਗਵਾਰ ਸਨ ਉਹ,
ਉਨ੍ਹਾਂ ਦਿਨਾਂ ਵਿਚ ਮੇਰੇ ਲਬਾਂ ਤੇ ਜੇ ਨਾਮ ਸੀ ਤਾਂ ਫ਼ਕਤ ਉਸੇ ਦਾ,
ਜੇ ਵਿਰਦ ਸੀ ਤਾਂ ਫ਼ਕਤ ਉਸੇ ਦਾ ਕਲਾਮ ਸੀ ਤਾਂ ਫ਼ਕਤ ਉਸੇ ਦਾ
ਉਹ ਜਿਸਦਾ ਹਾਸਾ ਫੁਹਾਰ ਬਣਕੇ ਸੁਲਘਦੇ ਸੀਨੇ ਨੂੰ ਠਾਰਦਾ ਸੀ
ਜਿਦ੍ਹਾ ਦਿਲਾਸਾ ਦੁਆਵਾਂ ਵਰਗਾ ਭੰਵਰ ਚੋਂ ਮੈਨੂੰ ਉਭਾਰਦਾ ਸੀ
ਹਬੀਬ ਬਣ ਕੇ, ਤਬੀਬ ਬਣ ਕੇ
ਮੇਰੀ ਹਯਾਤੀ ਦੀ ਖ਼ੁਸ਼ਖਿਰਾਮੀ ਦਾ ਸਿਹਰਾ ਬੰਨ੍ਹਿਆ ਮੈਂ ਜਿਹਦੇ ਸਿਰ ਸੀ
ਉਹ ਰੁੱਸ ਬੈਠੀ ਤਾਂ ਭੇਤ ਖੁੱਲ੍ਹਿਆ ਕਿ ਉਹ ਵੀ ਆਖ਼ਰ ਬਿਗਾਨੀ ਧਿਰ ਸੀ
ਕਦੇ-ਕਦਾਈਂ ਦੋ ਬੋਲ ਉਹਦੇ ਹਵਾਵਾਂ ਦੇ ਸਿਰ ਸਵਾਰ ਹੋ ਕੇ
ਹਾਂ ਮੇਰੇ ਤੀਕਰ ਨੇ ਆਣ ਪੁਜਦੇ ਤੇ ਸ਼ਹਿਦ ਕੰਨਾਂ ਚ ਘੋਲ਼ਦੇ ਨੇ
ਤੇ ਨੈਣ ਮੇਰੇ ਬਿਰਾਗੀ ਹੋ ਕੇ ਉਦ੍ਹੀ ਹੀ ਸੂਰਤ ਨੂੰ ਟੋਲ੍ਹਦੇ ਨੇ
ਮੈਂ ਤਰਸ ਜਾਂਦਾ ਹਾਂ ਬਰਸ ਜਾਂਦਾ ਹਾਂ
ਸਾਉਣ ਰੁਤ ਦੀ ਘਟਾ ਦੇ ਵਾਂਗੂੰ
ਇਹ ਜਿਊਣ ਲੱਗਦੈ ਸਜ਼ਾ ਦੇ ਵਾਂਗੂੰ
ਮਹਾਂਨਗਰ ਦੇ ਵਿਸ਼ਾਲ ਕਾਲੇ ਬੇਦਰਦ ਰਸਤੇ ਨਿਹਾਰਦਾ ਹਾਂ
ਤੇ ਬੇ-ਖ਼ੁਦੀ ਵਿਚ ਬੇ-ਤਹਾਸ਼ਾ ਮੈਂ ਨਾਮ ਉਸਦਾ ਉਚਾਰਦਾ ਹਾਂ
ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ...ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ

1 comment:

ਤਨਦੀਪ 'ਤਮੰਨਾ' said...

ਕਦੇ-ਕਦਾਈਂ ਦੋ ਬੋਲ ਉਹਦੇ ਹਵਾਵਾਂ ਦੇ ਸਿਰ ਸਵਾਰ ਹੋ ਕੇ
ਹਾਂ ਮੇਰੇ ਤੀਕਰ ਨੇ ਆਣ ਪੁਜਦੇ ਤੇ ਸ਼ਹਿਦ ਕੰਨਾਂ ਚ ਘੋਲ਼ਦੇ ਨੇ
ਤੇ ਨੈਣ ਮੇਰੇ ਬਿਰਾਗੀ ਹੋ ਕੇ ਉਦ੍ਹੀ ਹੀ ਸੂਰਤ ਨੂੰ ਟੋਲ੍ਹਦੇ ਨੇ
ਮੈਂ ਤਰਸ ਜਾਂਦਾ ਹਾਂ ਬਰਸ ਜਾਂਦਾ ਹਾਂ
ਸਾਉਣ ਰੁਤ ਦੀ ਘਟਾ ਦੇ ਵਾਂਗੂੰ
ਇਹ ਜਿਊਣ ਲੱਗਦੈ ਸਜ਼ਾ ਦੇ ਵਾਂਗੂੰ
ਮਹਾਂਨਗਰ ਦੇ ਵਿਸ਼ਾਲ ਕਾਲੇ ਬੇਦਰਦ ਰਸਤੇ ਨਿਹਾਰਦਾ ਹਾਂ
ਤੇ ਬੇ-ਖ਼ੁਦੀ ਵਿਚ ਬੇ-ਤਹਾਸ਼ਾ ਮੈਂ ਨਾਮ ਉਸਦਾ ਉਚਾਰਦਾ ਹਾਂ
ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ...ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ।
====
ਵਾਹ! ਵਾਹ! ਗ਼ਾਫ਼ਿਲ ਸਾਹਿਬ! ਬਹੁਤ ਪਿਆਰੀ ਨਜ਼ਮ...ਮੈਂ ਵੀ ਤੁਹਾਡਾ ਲਿੰਕ ਹੁਣੇ ਵੇਖਿਆ ਹੈ...ਬਹੁਤ ਖ਼ੂਬ! ਬਲੌਗ ਬ੍ਰਹਿਮੰਡ ਵਿਚ 'ਜੀ ਆਇਆਂ ਨੂੰ' ਜੀ...:) ਬਲੌਗ ਦਾ ਲਿੰਕ ਦੋਸਤਾਂ ਅਤੇ ਪਾਠਕਾਂ ਲਈ ਖੋਲ੍ਹ ਕੇ ਤੁਸੀਂ ਬਹੁਤ ਹੀ ਚੰਗਾ ਕੀਤਾ ਹੈ....ਇਸ ਉੱਦਮ ਦਿਲੀ ਮੁਬਾਰਕਬਾਦ...ਅਦਬ ਸਹਿਤ...ਤਨਦੀਪ