Monday, September 12, 2011

ਜ਼ਰੂਰੀ ਨਹੀਂ ਕਿ ਕਵਿਤਾ....

ਨਜ਼ਮ
ਜ਼ਰੂਰੀ ਨਹੀਂ ਕਿ ਕਵਿਤਾ
ਮਹਿਬੂਬ ਕੁੜੀ ਦੇ ਦਰਸ਼ਨੀ ਪਲਾਂ ਦੀ ਦੇਣ ਹੋਵੇ
ਕਵਿਤਾ ਤਾਂ ਕਦੇ ਵੀ ਕਿਤੇ ਵੀ ਜਨਮ ਲੈ ਲੈਂਦੀ ਏ.......
ਜਿਵੇਂ ਮਜਦੂਰ ਔਰਤ
ਸੜਕ ਦੇ ਕਿਨਾਰੇ ਹੀ ਪਾ ਲੈਂਦੀ ਏ ਛੁਟਕਾਰਾ
ਪ੍ਰਸੂਤੀ ਪੀੜਾਂ ਤੋਂ....
ਹਾਂ ! ਸਿਰਫ਼ ਮਹਿਬੂਬ ਦੇ ਬੁੱਲਾਂ ਦੀ ਲਾਲੀ ਹੀ
ਕਵਿਤਾ ਨੂੰ ਜਵਾਨੀ ਨਹੀਂ ਬਖਸ਼ਦੀ
ਸਾਹੂਕਾਰਾਂ ਦੀ ਲਾਲ ਬਹੀ ਦੀ ਭੇਟ ਚੜ੍ਹਦੀ
ਅੱਲ੍ਹੜ ਜਵਾਨੀ ਵੀ ਕਵਿਤਾ ਨੂੰ ਕਰ ਸਕਦੀ ਏ
ਵਕਤੋਂ ਪਹਿਲਾਂ ਮੁਟਿਆਰ.....
ਸਿਰਫ ਮਹਿਬੂਬ ਕੁੜੀ ਦਾ ਵਿਛੋੜਾ ਹੀ
ਕਵਿਤਾ ਨੂੰ ਖ਼ੂਨ ਦੇ ਹੰਝੂ ਨਹੀਂ ਰੁਆਉਂਦਾ
ਰੋਜ਼ੀ ਦੀ ਭਾਲ ਵਿੱਚ ਗਏ ਪੁੱਤਰ ਦੀ ਲਾਸ਼ ਦਾ
ਸਾਗਰਾਂ ਦੀ ਹਿੱਕ ਤੇ ਤੈਰ ਆਉਣਾ ਵੀ
ਕਵਿਤਾ ਨੂੰ ਮੌਤ ਦੀ ਦੁਆ ਬਣਾ ਸਕਦਾ ਏ........
ਕਵਿਤਾ ਸਿਰਫ਼ 'ਸਾਹਿਬਾਂ' ਨੂੰ
ਕੱਢ ਕੇ ਲਿਜਾਣ ਲਈ ਹੀ ਨਹੀਂ ਲਲਕਾਰ ਬਣਦੀ....
ਕਿਸੇ ਹੱਕਦਾਰ ਦੇ ਹੱਕਾਂ ਲਈ
ਕਿਸੇ ਜ਼ਰਦਾਰ ਦੇ ਖਿਲਾਫ਼
ਵਿਦਰੋਹ ਬਣ ਸਕਦੀ ਏ...
ਕਵਿਤਾ ਤਾਂ ਕਵਿਤਾ ਹੈ,
ਕਦੇ ਵੀ ਕਿਤੇ ਵੀ ਜਨਮ ਲੈ ਲੈਂਦੀ ਏ.....

No comments: