Monday, September 12, 2011

ਗੀਤਾਂ ਦੇ ਬੋਲ ਤਿਹਾਏ....

ਗੀਤ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....
ਨੈਣ ਵੀ ਹੁਣ ਤਾਂ ਬੰਜਰ ਹੋ ਗਏ
ਤੁਪਕਾ ਨੀਰ ਨਾ ਆਏ...
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਇਹ ਜਨਮਾਂ ਤੋਂ ਪਿਆਸੇ ਮਾਏਂ
ਮੇਰੇ ਵਾਂਗ ਨਿਰਾਸੇ ਮਾਏਂ
ਘੁੰਮਦੇ ਫੜ ਕੇ ਕਾਸੇ ਮਾਏਂ
ਖ਼ੈਰ ਨਾ ਕੋਈ ਪਾਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਪਾਉਂਦੇ ਵੈਣ ਸੁਭਾਂਤ ਨੀ ਮਾਏਂ
ਰੋਂਦੇ ਬੈਠ ਇਕਾਂਤ ਨੀ ਮਾਏਂ
ਮੰਗਦੇ ਬੂੰਦ ਸਵਾਂਤ ਨੀ ਮਾਏਂ
ਕਿਹੜਾ ਲੱਭ ਲਿਆਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਰੱਤ ਜਿਗਰ ਦੀ ਸਾਰੀ ਮਾਏਂ
ਚੰਦਰੀ ਤੇਹ ਤੋਂ ਵਾਰੀ ਮਾਏਂ
ਕਰ ਤਦਬੀਰਾਂ ਹਾਰੀ ਮਾਏਂ
ਪਰ ਇਹ ਰਹੇ ਤਿਹਾਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਇੱਕ ਨਦੀ ਦੇ ਠੱਗੇ ਮਾਏਂ
ਦਰ ਦਰ ਭਟਕਣ ਲੱਗੇ ਮਾਏਂ
ਅੱਗੇ ਤੋਂ ਵੀ ਅੱਗੇ ਮਾਏਂ
ਤਰਿਸ਼ਨਾ ਨੇ ਭਟਕਾਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

ਲਾ ਕੇ ਦੇਖਿਆ ਟਿਲ ਨੀ ਮਾਏਂ
ਤੇਹ ਬੁਝਣੀ ਮੁਸ਼ਕਿਲ ਨੀ ਮਾਏਂ
ਗੀਤ ਅਤੇ ਗ਼ਾਫ਼ਿਲ ਨੀ ਮਾਏਂ
ਜੂਨ ਸਰਾਪੀ ਆਏ
ਮਾਏਂ ਮੇਰੀਏ ਮੇਰੇ ਗੀਤਾਂ ਦੇ ਬੋਲ ਤਿਹਾਏ....

No comments: