Monday, September 12, 2011

ਗੱਲਾਂ 'ਚੋਂ ਗੱਲ....

*ਮੇਰੀ ਮੁਹੱਬਤ ਤੋਂ ਸੜਨ ਵਾਲੇ ਬਣਾਉਣ ਦੋ ਦੀਆਂ ਚਾਰ ਗੱਲਾਂ - ਲੇਖ
ਲਓ ਕਰ ਲਓ ਗੱਲ ! ਕੋਈ ਏਸ ਸ਼ਾਇਰ ਨੂੰ ਸਮਝਾਓ ਭਾਈ ਗੱਲਾਂ ਨਾ ਕਰੀਏ ਤਾਂ ਕੀ ਕਰੀਏ....ਜੇ ਗਲ ਨਾ ਕੀਤੀ ਤਾਂ ਗਾਲੜੀ ਕੌਣ ਕਹੇਗਾ। ਪਰ ਇੱਕ ਗੱਲ ਜ਼ਰੂਰ ਹੈ ਕਿ ਮੈਂ ਕਿਸੇ ਦੀ ਮੁਹੱਬਤ ਤੋਂ ਸੜ ਕੇ ਦੋ ਦੀਆਂ ਚਾਰ ਗੱਲਾਂ ਕਰਨ ਵਾਲਿਆਂ ਦੇ ਕੱਲ੍ਹ ਵੀ ਖ਼ਿਲਾਫ਼ ਸੀ ਤੇ ਅੱਜ ਵੀ ਖ਼ਿਲਾਫ਼ ਹਾਂ....

ਓਦਾਂ ਇਹ ਸ਼ਾਇਰ ਵੀ ਕਮਾਲ ਹੁੰਦੇ ਨੇ....ਬਿਲਕੁਲ ਸਹੀ ਗੱਲ ਹੈ....ਅਸਮਾਨ ਨੂੰ ਟਾਕੀਆਂ ਲਾਉਂਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੀ ਹੈ ਯਕੀਨ ਦੁਆਉਣ ਲਈ ਪੀਲੂ ਕੀ ਕਹਿੰਦਾ...."ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ।" ਹੈ ਨਾ ਅਸਮਾਨ ਨੂੰ ਟਾਕੀ ਪਰ ਪੀਲੂ ਦੀ ਬੱਲੇ-ਬੱਲੇ ਇਹ ਤਾਂ ਅਤਿਕਥਨੀ ਅਲੰਕਾਰ ਹੈ ।ਉਸ ਤੋਂ ਬਾਦ ਤਾਂ ਅਤਿਕਥਨੀ ਅਲੰਕਾਰ ਪੰਜਾਬੀਆਂ ਦੀ ਜੀਵਨ-ਜਾਚ ਦਾ ਹਿੱਸਾ ਹੀ ਬਣ ਗਿਆ । ਇੱਕ ਆਮ ਆਦਮੀ ਵੀ ਜਾਣੇ -ਅਣਜਾਣੇ ਆਪਣੀ ਗੱਲ ਵਿੱਚ ਇਹ ਅਲੰਕਾਰ ਵਰਤ ਹੀ ਲੈਂਦਾ ਏ। ਪਰ ਇੱਕ ਗੱਲ ਪੱਕੀ ਏ ਕਿ ਇਹ ਅਲੰਕਾਰ ਇਨਸਾਨ ਦੇ ਇਰਾਦੇ ਦੀ ਪੁਖ਼ਤਗੀ ਦੇ ਹੂ-ਬ-ਹੂ ਦਰਸ਼ਨ ਕਰਵਾ ਦਿੰਦਾ ਏ।
ਜਦੋਂ ਇੱਕ ਮੁਹੱਬਤ ਕਰਨ ਵਾਲਾ ਆਪਣੇ ਮਹਿਬੂਬ ਨੂੰ ਖ਼ਤ ਲਿਖਦਾ ਏ ਤਾਂ ਜਿਆਦਾਤਰ ਏਸੇ ਅਲੰਕਾਰ ਦਾ ਇਸਤੇਮਾਲ ਕਰਦਾ ਏ।ਪਰ ਜਦੋਂ ਮੁਹੱਬਤ ਪਾਕ ਤੇ ਸੱਚੀ ਹੋਵੇ ਤਾਂ ਫਿਰ ਗੱਲ ਅਲੰਕਾਰਾਂ ਤੋਂ ਵੀ ਕਿਤੇ ਅਗਾਹਾਂ ਲੰਘ ਜਾਂਦੀ ਏ ਫਿਰ ਜਜ਼ਬਾਤ ਵਿਆਕਰਣ, ਛੰਦਾਂ ਦੀਆਂ ਵਲਗਣਾਂ ਨੂੰ ਤੋੜਦੇ ਹੋਏ ਆਪ ਮੁਹਾਰੇ ਹੋ ਜਾਂਦੇ ਨੇ,ਮੁਹੱਬਤ ਕਰਨ ਵਾਲੇ ਸਿਆਹੀ ਦੇ ਮੁਹਤਾਜ ਨਹੀਂ ਰਹਿੰਦੇ ਆਪਣੇ ਹੀ ਖ਼ੂਨ ਨਾਲ ਆਪਣੇ ਦਿਲ ਦੀ ਗੱਲ ਲਿਖ ਛੱਡਦੇ ਨੇ......ਉਹਨਾਂ ਦੀ ਮੁਹੱਬਤ ਤੋਂ ਸੜਨ ਵਾਲੇ ਭਾਵੇਂ ਦੋ ਦੀਆਂ ਚਾਰ ਗੱਲਾਂ ਕਰਨ ਜਾਂ ਹਜ਼ਾਰ। ਵਿਚਲੀ ਗੱਲ ਤਾਂ ਇਹ ਹੈ ਕਿ ਮੁਹੱਬਤ ਕਰਨ ਵਾਲੇ ਦੀ ਭਾਵਨਾ ਦੀ ਤਹਿ ਤੱਕ ਪਹੁੰਚਣ ਲਈ ਤੁਹਾਡੇ ਦਿਲ ਵਿੱਚ ਵੀ ਓਨਾ ਹੀ ਪਿਆਰ ਹੋਣਾ ਚਾਹੀਦਾ ਏ ਤੁਹਾਡੀ ਸੋਚ ਵੀ ਉਸ ਮੁਕਾਮ ਤੱਕ ਪਹੁੰਚੇ ਇਹ ਇੱਕ ਸ਼ਰਤ ਹੈ.....।
ਲਓ ਕਰ ਲਓ ਗੱਲ ! ਮੈਂ ਗੱਲ ਸ਼ਾਇਰਾਂ ਦੀ ਕਰਦਾ ਸੀ ਇਹ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਪਰ ਜੇ ਦੇਖਿਆ ਜਾਵੇ ਤਾਂ ਉੱਪਰਲੀਆਂ ਸਾਰੀਆਂ ਗੱਲਾਂ ਸ਼ਾਇਰਾਂ ਤੇ ਵੀ ਇੰਨ-ਬਿੰਨ ਢੁੱਕਦੀਆਂ ਨੇ।

ਆਪਣੇ ਜਜ਼ਬਾਤ ਪੇਸ਼ ਕਰਨ ਲਈ ਸ਼ਾਇਰ ਤਰਾਂ-ਤਰਾਂ ਦੇ ਹੀਲੇ-ਵਸੀਲੇ ਵਰਤਦਾ ਏ....ਨਵੇਂ-ਨਵੇਂ ਅਲੰਕਾਰ, ਛੰਦ, ਬਿੰਬ, ਉਪਮਾਵਾਂ, ਰਸ, ਅਣਛੋਹੀ ਸ਼ਬਦਾਬਲੀ, ਭਾਵਨਾਵਾਂ ਇਸਤੇਮਾਲ ਕਰ ਕੇ ਵਾਹ-ਵਾਹ ਖੱਟਦਾ ਏ...ਆਪਣੀ ਖ਼ੁਸ਼ਗਵਾਰ ਸ਼ਬਦਾਵਲੀ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੰਦਾ ਏ । ਕਈ ਵਾਰ ਲੋਕਾਂ ਦੇ ਦਰਦ ਬਿਆਨ ਕਰਦਿਆਂ ਉਹ ਖੁਦ ਦਰਦ ਹੋ ਜਾਂਦਾ ਏ..... ਭਾਵਨਾਵਾਂ ਦਾ ਵੇਗ ਏਨਾ ਤੇਜ਼ ਹੁੰਦਾ ਏ ਕਿ ਕਾਫੀਏ, ਰਦੀਫਾਂ, ਬਹਿਰ ਸਭ ਕੁੱਝ ਨਿਗੂਣਾ ਲੱਗਦਾ ਏ.....ਜੋ ਬਚਦਾ ਏ ਨਿਰਮਲ ਜਜ਼ਬਾਤ
ਅਸਾਂ ਤਾਂ ਖੂਨ ਵਿਚ ਡੁੱਬ ਕੇ ਸਦਾ ਲਿਖੀ ਹੈ ਗ਼ਜ਼ਲ ਓਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ ਅੰਦਰ- ਸੁਰਜੀਤ ਪਾਤਰ
ਹੁਣ ਇਹਨਾ ਨਿਰਮਲ ਜਜ਼ਬਾਤਾਂ ਨੂੰ ਸਮਝਣ ਲਈ ਆਪਣਾ ਹਿਰਦਾ ਵੀ ਤਾਂ ਨਿਰਮਲ ਕਰਨਾ ਪਏਗਾ.....ਜਿਸ ਭਾਵਨਾ ਤਹਿਤ ਇਹ ਵਿਚਾਰ ਉਪਜੇ ਉਸ ਭਾਵਨਾ ਦੀ ਥਾਹ ਤਾਂ ਪਾਉਣੀ ਹੀ ਪਏਗੀ ਨਹੀਂ ਤਾਂ ਖ਼ੂਨ ਅਤੇ ਪਾਣੀ(ਬਹਿਰ) 'ਚ ਡੁੱਬਣ ਦਾ ਅੰਤਰ ਕਿਵੇਂ ਪਤਾ ਲੱਗੇਗਾ......ਤਖ਼ੱਈਅਲ ਦੇ ਜਿਸ ਮੁਕਾਮ ਤੋਂ ਇਹ ਬੋਲ ਉੱਤਰੇ ਉਸ ਮੁਕਾਮ ਤੱਕ ਪਹੁੰਚੇ ਬਗੈਰ ਤਾਂ ਇਹਨਾਂ ਦੀਆਂ ਪਰਤਾਂ ਖੁੱਲ੍ਹਣੀਆਂ ਨਾ-ਮੁਮਕਿਨ ਅਮਲ ਹੈ।
ਨਹੀਂ ਤਾਂ---
ਮੈਂ ਕਿਹਦੀ ਕਿਹਦੀ ਜੁਬਾਨ ਫੜ ਲਾਂ ਹਜ਼ਾਰ ਮੂੰਹ ਨੇ ਹਜ਼ਾਰ ਗੱਲਾਂ**
-ਅਮਰੀਕ ਗ਼ਾਫ਼ਿਲ
ਸਿਤੰਬਰ 2009

No comments: