Monday, September 12, 2011

ਸਿਰਫ਼ ਸਿਖਿਆਰਥੀਆਂ ਲਈ...

ਲੇਖ
ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀ ਦਾ ਹਰ ਕਵੀ ਗ਼ਜ਼ਲ ਲਿਖ ਰਿਹਾ ਹੈ..ਪਰ ਇਹ ਵਿਧਾ ਸਭ ਤੋਂ ਪਹਿਲਾਂ ਅਰਬੀ ਵਿੱਚ ਪ੍ਰਚੱਲਿਤ ਹੋਈ ਸੀ ਫਿਰ ਫ਼ਾਰਸੀ (ਇਰਾਨ) ਦੇ ਰਸਤੇ ਹੁੰਦੀ ਹੋਈ ਉਰਦੂ ਤੇ ਫਿਰ ਪੰਜਾਬੀ ਕਾਵਿ ਵਿੱਚ ਸ਼ਾਮਿਲ ਹੋਈ। ਪਰ ਇਕ ਹੋਰ ਜ਼ੁਬਾਨ ਦੇ ਛੰਦ ਪ੍ਰਬੰਧ ਵਿਚ ਲਿਖੀ ਜਾਣ ਦੇ ਬਾਵਜੂਦ ਲੋਕ ਪ੍ਰਿਯਤਾ ਦੇ ਮਾਮਲੇ ਚ ਪੰਜਾਬੀ ਦੀਆਂ ਰਿਵਾਇਤੀ ਕਾਵਿ-ਵਿਧਾਵਾਂ ਨੂੰ ਕਿਤੇ ਬਹੁਤ ਪਿੱਛੇ ਛੱਡ ਗਈ ਹੈ (ਜਿਵੇਂ ਕਿ ਇਸਦੇ ਵਿਰੋਧੀ ਕਹਿੰਦੇ ਨੇ ਕਿ ਅੱਗ ਮੰਗਣ ਆਈ ਘਰ ਵਾਲੀ ਬਣ ਕੇ ਬਹਿ ਗਈ)। ਮੈਂ ਕੋਈ ਗ਼ਜ਼ਲ ਦਾ ਅਲੋਚਕ ਨਹੀਂ...ਸਿਰਫ਼ ਸਿਖਿਆਰਥੀਆਂ ਨਾਲ ਆਪਣੇ ਸੰਖੇਪ ਵਿਚਾਰ ਸਾਂਝੇ ਕਰਾਂਗਾ ਤਾਂ ਜੋ ਉਹ ਗ਼ਜ਼ਲ ਨੂੰ ਹਊਆ ਸਮਝ ਕੇ ਵਾਰਤਕ ਕਵਿਤਾ ਦੇ ਰਾਹ ਨਾ ਪੈ ਜਾਣ..

ਗ਼ਜ਼ਲ ਕੀ ਹੈ?
ਗ਼ਜ਼ਲ ਮੂਲ ਰੂਪ ਵਿੱਚ ਅਰਬੀ ਦਾ ਸ਼ਬਦ ਹੈ ਜਿਸਦਾ ਅਰਥ ਹੈ ਖ਼ੂਬਸੂਰਤ ਔਰਤਾਂ ਨਾਲ ਜਾਂ ਉਨਾਂ ਬਾਰੇ ਗੱਲਾਂ ਕਰਨਾ । ਭਾਵ ਅਰਬੀ ਵਿੱਚ ਇਸ ਵਿਧਾ ਨੂੰ ਪਿਆਰ, ਮੁਹੱਬਤ, ਹਿਜਰ , ਵਿਸਾਲ, ਸ਼ਰਾਬ ਤੇ ਸ਼ਬਾਬ ਦੇ ਵਿਸ਼ਿਆਂ ਦੀ ਬੁਣਤੀ ਬੁਣਦਿਆਂ ਦੇਖਿਆ ਗਿਆ, ਪਰ ਪੰਜਾਬੀ ਗ਼ਜ਼ਲ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਗ਼ਜ਼ਲ ਨੂੰ ਨੇੜਿਓਂ ਜਾਣਨ ਲਈ ਇਸਦੇ ਰੂਪਕ ਪੱਖ ਨੂੰ ਜਾਣਨਾ ਅਤਿ ਜ਼ਰੂਰੀ ਹ ਤੇ ਉਹਨਾਂ ਸਤੰਭਾਂ ਨੂੰ ਸਮਝਣਾ ਪਵੇਗਾ ਜਿਨ੍ਹਾਂ ਤੇ ਗ਼ਜ਼ਲ ਦਾ ਢਾਂਚਾ ਟਿਕਿਆ ਹੋਇਆ ਹੈ।

ਗ਼ਜ਼ਲ ਦੀ ਪ੍ਰੰਪਰਿਕ ਪ੍ਰੀਭਾਸ਼ਾ--
ਅਗਰ ਸੰਖੇਪ ਵਿਚ ਗ਼ਜ਼ਲ ਦੀ ਪਹਿਚਾਣ ਕਰਨੀ ਹੋਵੇ ਤਾਂ ਮੇਰੀ ਜਾਚੇ ਗ਼ਜ਼ਲ ਸ਼ਿਅਰਾਂ (ਦੋ ਕਾਵਿਕ-ਤੁਕਾਂ) ਦੇ ਸਮੂਹ ਨੂੰ ਕਹਿੰਦੇ ਨੇ, ਜੋ ਮਤਲਾ, ਮਕਤਾ ,ਬਹਿਰ, ਕਾਫੀਆ, ਰਦੀਫ, ਵਰਗੇ ਮੁੱਖ ਨਿਯਮਾਂ ਦੇ ਅਨੁਰੂਪ ਹੋਣ। ਇਹਨਾਂ ਨਿਯਮਾਂ ਨੂੰ ਸਮਝਣ ਲਈ ਸੰਖੇਪ ਜਿਹੀ ਚਰਚਾ ਕਰਾਂਗਾ ।

ਸ਼ਿਅਰ ਕੀ ਹੈ?
ਸਿੱਧੇ ਸਾਦੇ ਸ਼ਬਦਾਂ ਚ ਸ਼ਿਅਰ ਦੋ ਸਤਰਾਂ ਦੇ ਬੰਦ ਨੂੰ ਕਹਿੰਦੇ ਨੇ ,ਇਹ ਬੰਦ ਅਪਣੇ ਆਪ ਵਿੱਚ ਇੱਕ ਸੰਪੂਰਨ ਕਵਿਤਾ ਹੈ। ਤੇ ਗ਼ਜ਼ਲ ਦਾ ਹਰ ਸ਼ਿਅਰ ਸੁਤੰਤਰ ਤੌਰ ਤੇ ਮੁਕੰਮਲ ਹੁੰਦਾ ਹੈ। ਉਹ ਆਪਣੇ ਤੋਂ ਪਹਿਲੇ ਜਾਂ ਬਾਦ ਵਾਲੇ ਸ਼ਿਅਰ ਦਾ ਮੁਹਤਾਜ਼ ਨਹੀਂ ਹੁੰਦਾ। ਇਹਨਾਂ ਦੀ ਆਪਸ ਵਿੱਚ ਸਿਰਫ਼ ਤਕਨੀਕੀ ਸਾਂਝ ਤੋਂ ਇਲਾਵਾ ਕੋਈ ਸਾਂਝ ਨਹੀਂ ਹੁੰਦੀ ।

ਮਤਲਾ ਕੀ ਹੈ?
ਮਤਲਾ ਦਾ ਅਰਥ ਹੈ ਉਗਮਣਾ ਜਾਂ ਸ਼ੁਰੂਆਤ ਹੋਣਾ ਸੋ ਇਸ ਤਰਾਂ ਉਹ ਸ਼ਿਅਰ ਜਿਸ ਨਾਲ ਗ਼ਜ਼ਲ ਸ਼ੁਰੂ ਹੁੰਦੀ ਹੈ ਉਹ ਗ਼ਜ਼ਲ ਦਾ ਮਤਲਾ ਹੈ। ਮਤਲੇ ਦੀਆਂ ਦੋਵੇਂ ਸਤਰਾਂ ਦਾ ਤੁਕਾਂਤ (ਕਾਫੀਆ) ਆਪਸ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ ਅਗਰ ਨਾਲ ਰਦੀਫ਼ ਵੀ ਹੈ ਤਾਂ ਉਹਦਾ ਦੁਹਰਾਓ ਲਾਜ਼ਮੀ ਹੈ। ਮਿਸਾਲ--

“ਮੇਰੇ ਹੱਥਾਂ ਚ ਜੋ ਪੱਥਰ ਹੈ ਉਹ ਪੱਥਰ ਨਾ ਸੀ ਪਹਿਲਾਂ।
ਸਰਾਪੇ ਮੋਸਮਾਂ ਵਰਗਾ ਕੋਈ ਮੰਜ਼ਰ ਨਾ ਸੀ ਪਹਿਲਾਂ।”

ਇੱਕ ਗ਼ਜ਼ਲ ਵਿੱਚ ਇਕ ਤੋਂ ਵੱਧ ਮਤਲੇ ਵੀ ਹੋ ਸਕਦੇ ਨੇ। (ਉਂਝ ਮੈਂ ਕੇਵਲ ਮਤਲਿਆਂ ਵਾਲੀ ਗ਼ਜ਼ਲ ਵੀ ਲਿਖੀ ਹੈ।) ਦੂਸਰੇ ਮਤਲੇ ਨੂੰ ਹੁਸਨੇ ਮਤਲਾ ਜਾਂ ਮਤਲਾ ਸਾਨੀ ਕਿਹਾ ਜਾਂਦਾ ਹੈ।ਮਿਸਾਲ--

“ਮੈਂ ਮੰਨਦਾ ਹਾਂ ਕਿ ਉਂਝ ਹਾਲਾਤ ਕੁਝ ਬਿਹਤਰ ਨਾ ਸੀ ਪਹਿਲਾਂ।
ਮਗਰ ਬਸਤੀ ਦੇ ਲੋਕਾਂ ਦੇ ਮਨਾਂ ਵਿਚ ਡਰ ਨਾ ਸੀ ਪਹਿਲਾਂ।”

ਇਸ ਤੋਂ ਬਾਅਦ ਦੇ ਸ਼ਿਅਰਾਂ ਨੂੰ ਸ਼ਿਅਰ ਹੀ ਕਿਹਾ ਜਾਂਦਾ ਹੈ। ਸ਼ਿਅਰ ਵਿਚ ਦੂਜੀ ਤੁਕ ਦਾ ਤੁਕਾਂਤ ਬਾਕੀ ਦੇ ਸ਼ਿਅਰਾਂ ਨਾਲ ਮਿਲਦਾ ਹੋਵੇਗਾ..ਪਹਿਲੀ ਤੁਕ ਤੁਕਾਂਤ ਰਹਿਤ ਹੋਵੇਗੀ। ਮਿਸਾਲ--

“ਗਲ਼ੇ ਲੱਗ ਲੱਗ ਕੇ ਮਿਲਦਾ ਹੁੰਦਾ ਸੀ ਇਹ ਬਾਂਸ ਦਾ ਜੰਗਲ
ਇਹ ਸੱਚ ਹੈ ਮੇਰੇ ਤਨ ਤੇ ਅੱਗ ਦਾ ਬਸਤਰ ਨਾ ਸੀ ਪਹਿਲਾਂ।”

ਮਕ਼ਤਾ ਕੀ ਹੈ?
ਪੁਰਾਣੇ ਜ਼ਮਾਨੇ ਤੋਂ ਹੀ ਇਹ ਰੀਤ ਤੁਰੀ ਆਉਂਦੀ ਹੈ ਕਿ ਗ਼ਜ਼ਲ ਦੇ ਅੰਤਮ ਸ਼ਿਅਰ ਵਿੱਚ ਸ਼ਾਇਰ ਆਪਣਾ ਉਪਨਾਮ ਜਿਹਨੂੰ ਗ਼ਜ਼ਲ ਦੀ ਭਾਸ਼ਾ ਵਿੱਚ ਤਖੱਲੁਸ ਕਹਿੰਦੇ ਨੇ ਬੜੇ ਹੀ ਢੰਗ ਨਾਲ ਗੁੰਦ ਦਿੰਦਾ ਸੀ ਕਿ ਉਹ ਸ਼ਿਅਰ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਂਦਾ ਸੀ ਤੇ ਇਹਦੇ ਨਾਲ ਹੀ ਉਹ ਗ਼ਜ਼ਲ ਪੂਰੀ ਹੋਣ ਦਾ ਐਲਾਨ ਤਾਂ ਕਰ ਹੀ ਦਿੰਦਾ ਸੀ ਤੇ ਗ਼ਜ਼ਲ ਤੇ ਆਪਣੀ ਮਲਕੀਅਤ ਦਾ ਠੱਪਾ ਵੀ ਲਾ ਦਿੰਦਾ ਸੀ। ਇਸ ਤਰਾਂ ਮਕਤਾ ਮਤਲਬ ਗ਼ਜ਼ਲ ਦਾ ਮੁਕਾਅ ਤੇ ਸ਼ਾਇਰ ਦਾ ਠੱਪਾ ਸਮਝਣਾ ਚਾਹੀਦਾ ਹੈ।ਹਾਲਾਂਕਿ ਅਜਕਲ ਬਿਨਾ ਤਖੱਲੁਸ ਵਾਲੇ ਮਕਤੇ ਵੀ ਕਹੇ ਜਾਂਦੇ ਨੇ ।ਮਿਸਾਲ ਦੇ ਤੌਰ ਤੇ ਇਹ ਮੇਰੀ ਗ਼ਜ਼ਲ ਦਾ ਮਕਤਾ ਹੈ--

“ਮਿਰੇ ਸੀਨੇ ਚ ਤੇਰੇ ਵਸਲ ਦੇ ਗੁਲਜ਼ਾਰ ਹੁੰਦੇ ਸਨ
ਮਿਰੇ ਸੀਨੇ ਚ ਤੇਰੇ ਹਿਜਰ ਦਾ ਖ਼ੰਜਰ ਨਾ ਸੀ ਪਹਿਲਾਂ।”

ਕਾਫੀਆ ਕੀ ਹੈ?
ਕਾਫੀਆ ਉਹ ਸ਼ਬਦ ਜੋ ਮਤਲੇ ਦੀ ਹਰ ਤੁਕ ਅਤੇ ਸ਼ਿਅਰ ਦੀ ਦੂਜੀ ਤੁਕ ਵਿਚ ਹੋਵੇ ਸੰਗੀਤਾਤਮਿਕਤਾ ਅਤੇ ਬੋਲਣ ਪੱਖੋਂ ਇਕੋ ਜਿਹੀ ਸਵਰ-ਧੁਨੀ ਪੈਦਾ ਕਰਦਾ ਹੈ ਜਿਵੇਂ ਉੱਪਰ ਦੱਸੇ ਗਏ ਸ਼ਿਅਰਾਂ ਵਿੱਚ ਪੱਥਰ, ਮੰਜ਼ਰ, ਬਿਹਤਰ, ਡਰ, ਬਸਤਰ ਅਤੇ ਖ਼ੰਜਰ ਆਦਿ ਤੇ ਇਸੇ ਸਿਲਸਿਲੇ ਦੇ ਹੋਰ ਸ਼ਬਦ ਵੀ ਕਾਫੀਏ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਸਕਦੇ ਨੇ ਜਿਵੇਂ-ਘਰ, ਚੱਕਰ, ਸਾਗਰ, ਅੰਬਰ ਆਦਿ।

ਰਦੀਫ਼ ਕੀ ਹੈ?
ਰਦੀਫ਼ ਉਹ ਸ਼ਬਦ ਹਨ ਜੋ ਸ਼ਾਇਰ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਾਫੀਏ ਦੇ ਨਾਲ ਜੋੜ ਲੈਂਦਾ ਹੈ। ਜਿਵੇਂ ਕਿ ਉੱਪਰ ਮਿਸਾਲ ਦੀ ਗ਼ਜ਼ਲ ਵਿੱਚ ਨਾ ਸੀ ਪਹਿਲਾਂ ਹੈ। ਇਹ ਹਰ ਸ਼ਿਅਰ ਦੀ ਦੂਜੀ ਤੁਕ ਵਿੱਚ ਕਾਫੀਏ ਦੇ ਨਾਲ ਨਾਲ ਦੁਹਰਾਈ ਜਾਵੇਗੀ। ਸਿੱਧੇ ਸ਼ਬਦਾਂ ਵਿੱਚ ਰਦੀਫ਼ ਕਾਫੀਏ ਦੇ ਅਰਥਾਂ ਨੂੰ ਬਹੁ-ਪਰਤੀ ਤੇ ਪ੍ਰਭਾਵੀ ਬਣਾਉਣ ਵਿਚ ਵੀ ਸਹਾਈ ਹੁੰਦੀ ਹੈ...ਹਾਲਾਂ ਕਿ ਅੱਜਕਲ ਬਿਨਾਂ ਰਦੀਫ਼ ਤੋਂ ਵੀ ਗ਼ਜ਼ਲ ਲਿਖੀ ਜਾਂਦੀ ਏ।

ਬਹਿਰ ਕੀ ਹੈ?
ਬਹਿਰ ਤੋਂ ਭਾਵ ਉਹ ਮੀਟਰ ਜਾਂ ਪੈਮਾਨਾ ਜੋ ਗ਼ਜ਼ਲ ਵਿੱਚ ਸੰਗੀਤਕਤਾ ਬਹਾਲ ਕਰਨ ਦਾ ਕੰਮ ਕਰਦਾ ਹੈ।ਜਿਵੇਂ ਕੱਪੜੇ ਨੂੰ ਨਾਪਣ ਦਾ ਪੈਮਾਨਾ ਹੈ ਮੀਟਰ ਹਾਂ ਕਿਸੇ ਜ਼ਮਾਨੇ ਚ ਗਜ਼ ਵੀ ਹੁੰਦੇ ਸਨ। ਅਨਾਜ਼ ਨੂੰ ਤੋਲਣ ਲਈ ਕਿੱਲੋ ਤੇ ਸੇਰ...ਇਸੇ ਤਰੀਕੇ ਨਾਲ ਗ਼ਜ਼ਲ ਦੇ ਸ਼ਿਅਰ ਦੀ ਲੰਬਾਈ ਜਾਂ ਸੰਗੀਤਕ ਮੋੜ ਘੋੜ ਪਰਖ਼ਣ ਲਈ ਜੋ ਪੈਮਾਨਾ ਇਸਤੇਮਾਲ ਕੀਤਾ ਜਾਂਦਾ ਹੈ ਉਸਨੂੰ ਬਹਿਰ ਕਹਿੰਦੇ ਨੇ । ਤੇ ਬਹਿਰਾਂ ਦੇ ਪੂਰੇ ਗਿਆਨ ਨੂੰ ਅਰੂਜ਼ ਕਹਿੰਦੇ ਨੇ...ਸਾਡੇ ਆਪਣੇ ਦੇਸੀ ਛੰਦ-ਪ੍ਰਬੰਧ ਨੂੰ ਪਿੰਗਲ ਕਹਿੰਦੇ ਨੇ।ਵੈਸੇ ਤਾਂ ਮੁੱਖ ਤੌਰ ਤੇ ਉੱਨੀ ਬਹਿਰਾਂ ਨੇ ਪਰ ਕਾਂਟ-ਛਾਂਟ ਦੇ ਤਰੀਕਿਆਂ ਨਾਲ ਇਨਾਂ ਦੇ ਬਹੁਤ ਸਾਰੇ ਵਜ਼ਨ ਬਣ ਗਏ ਨੇ ਜੋ ਪੰਜਾਬੀ ਗ਼ਜ਼ਲ ਵਾਸਤੇ ਪ੍ਰਚਲਿਤ ਨੇ।ਸੰਖੇਪ ਵਿੱਚ ਇਹ ਕਿ ਗ਼ਜ਼ਲ ਦੀ ਹਰ ਤੁਕ ਦੇ ਮੀਟਰ ਦੀ ਲੰਬਾਈ ਇੱਕੋ ਜਿੰਨੀ ਹੋਣੀ ਚਾਹੀਦੀ ਹੈ,ਤੁਕ ਵੱਡੀ ਛੋਟੀ ਹੋਣਾ ਇੱਕ ਬਹੁਤ ਵੱਡਾ ਐਬ ਗਿਣਿਆ ਜਾਂਦਾ ਹੈ।
ਉੱਪਰ ਮਿਸਾਲ ਦੇ ਤੌਰ ਤੇ ਦਿੱਤੇ ਸ਼ਿਅਰਾਂ ਦਾ ‘ਬਹਿਰ-ਹਜ਼ਜ਼ ਮੁਸੱਮਨ ਸਾਲਿਮ ’ ਹੈ ਭਾਵ ਚਾਰ ਮੁਫ਼ਾਈਲੁਨ ਇੱਕ ਤੁਕ । ਤਕਤੀਅ(ਟੁਕੜੇ) ਕਰਕੇ ਦੇਖ ਲੈਂਦੇ ਹਾਂ-
ਮੁ+ਫਾ+ਈ+ਲੁਨ
ਮਿ+ਰੇ +ਹੱ+ਥਾਂ
ਚ +ਜੋ +ਪੱ+ਥਰ
ਹੈ+ ਉਹ+ ਪੱ+ਥਰ
ਨ +ਸੀ +ਪਹਿ+ਲਾਂ।
ਅਭਿਆਸ ਦੇ ਦਿਨਾਂ ਵਾਸਤੇ ਚਾਰ ਫੇਲੁਨ ਦਾ ਵਜ਼ਨ(ਬਹਿਰ) ਮੁਫ਼ੀਦ ਰਹਿੰਦਾ ਹੈ।
ਮਿਸਾਲ--
ਫੇਲੁਨ ਫੇਲੁਨ ਫੇਲੁਨ ਫੇਲੁਨ
ਕੋਠੇ ਚੜ੍ਹ ਚੜ੍ਹ ਵਾਜਾਂ ਮਾਰਾਂ
ਸਜਣਾ ਹੁਣ ਤਾਂ ਮੋੜ ਮੁਹਾਰਾਂ
ਫੇ+ਲੁਨ
ਕੋ+ਠੇ
ਚੜ੍ਹ +ਚੜ੍ਹ
ਵਾ+ਜਾਂ
ਮਾ+ਰਾਂ

No comments: