Monday, September 12, 2011

ਦਰਦਾਂ ਮਾਰੇ ਜਾਣ...

ਗ਼ਜ਼ਲ
ਦਰਦਾਂ ਮਾਰੇ ਜਾਣ ਕਿਧਰ ਨੂੰ।
ਦਿਲ ਸਾਂਭਣ ਜਾਂ ਰੋਣ ਜਿਗਰ ਨੂੰ।

ਜਿਹੜਾ ਕੰਮ ਕਿਸੇ ਨਾ ਆਵੇ
ਚੁੱਲ੍ਹੇ ਡਾਹਵੋ ਓਸ ਹੁਨਰ ਨੂੰ।

ਉਮਰਾਂ ਲਈ ਬਨਵਾਸੀ ਕਰਕੇ
ਪੁੱਛਦੇ ਨੇ ਕਦ ਆਉਣੈ ਘਰ ਨੂੰ।

ਕੀ ਅਹਿਸਾਸ ਕਿਸੇ ਦੇ ਗ਼ਮ ਦਾ
ਤੰਗ-ਦਿਲੇ ਨੂੰ,ਤੰਗ-ਨਜ਼ਰ ਨੂੰ।

ਮੇਰੇ ਸਿਦਕ ਨੂੰ ਤੂੰ ਅਜ਼ਮਾ ਲੈ
ਤੇ ਮੈਂ ਤੇਰੇ ਜ਼ੁਲਮ ਜਬਰ ਨੂੰ।

ਜੀਂਦੇ ਨੂੰ ਦੁਰਕਾਰਦੇ ਸਨ ਜੋ
ਪੂਜਣ ਓਹੀ ਢੋਰ ਕਬਰ ਨੂੰ।

ਚਲ 'ਗ਼ਾਫ਼ਿਲ' ਹੁਣ ਜਾਣਾ ਪੈਣੈ
ਆਪੇ ਆਪਣੀ ਖੋਜ-ਖ਼ਬਰ ਨੂੰ।

No comments: