Sunday, January 13, 2013



ਗ਼ਜ਼ਲ ਅਮਰੀਕ  ਗ਼ਾਫ਼ਿਲ
ਦਾਣੇ ਦਿਖਾ ਰਿਹਾ ਏ ਫੰਦਾ ਲੁਕਾ ਰਿਹਾ ਏ
ਹਾਕਮ ਅਵਾਮ ਨੂੰ ਹੁਣ ਇਉਂ ਵਰਗਲਾ ਰਿਹਾ ਏ।

ਹਾਕਮ ਨਵਾਂ ਹੀ ਨਿਤ ਕੋਈ ਸ਼ੋਸ਼ਾ ਉੜਾ ਰਿਹਾ ਏ।
ਮਜ਼ਮੇ ਚਿ ਜਿਉਂ ਮਦਾਰੀ ਜਾਦੂ ਦਿਖਾ ਰਿਹਾ ਏ।

ਟੀ ਵੀ ਤੇ ਇਕ ਰਸੋਈਆ ਖ਼ਬਰਾਂ ਸੁਣਾ ਰਿਹਾ ਏ।
ਚਟਖਾਰੇ ਲੈ ਰਿਹਾ ਏ ਤੜਕਾ ਲਗਾ ਰਿਹਾ ਏ।

ਇਹ ਤਾਂ ਨਹੀਂ ਮੈਂ ਤੇਰਾ ਹੁਣ ਯਰਗਮਾਲ ਬਣਜਾਂ
ਮੰਨਿਆ ਕਿ ਤੇਰਾ ਮੇਰਾ, ਕੁਝ ਰਾਬਤਾ ਰਿਹਾ ਏ।

ਕਿਸ਼ਤੀ ਦੇ ਨਾਲ ਜਿੰਨਾ ਤੂਫਾਨ ਜਾਂ ਭੰਵਰ ਦਾ
ਓਨਾ ਕੁ ਉਹਦਾ ਮੇਰਾ, ਬਸ ਸਿਲਸਿਲਾ ਰਿਹਾ ਏ।


ਇਹ ਹੈ ਗ਼ਲਤ ਕਿ ਸਾਰਾ ਸੰਗਤ ਦਾ ਅਸਰ ਹੁੰਦੈ
ਮੇਰੇ ਨਾਲ ਰਹਿ ਕੇ ਵੀ ਉਹ ਬਸ ਬੇਵਫ਼ਾ ਰਿਹਾ ਏ।



Thursday, September 15, 2011

ਭਾਲ਼....

ਭਾਲ਼...
ਨਜ਼ਮ
ਮੈਂ ਅੱਜ ਵੀ ਭਾਲ਼ ਵਿੱਚ ਹਾਂ

ਓਸੇ ਮੋਢੇ ਦੀ ...
ਜੋ ਮਜ਼ਾਕ ਵਿੱਚ ਕੀਤੇ
ਇੱਕ ਵਾਦੇ ਨੂੰ ਪੁਗਾਉਣ ਲਈ
ਕਰ ਦਿੱਤਾ ਸੀ ਮੇਰੇ ਹਵਾਲੇ....
ਮੈਂ ਅੱਜ ਵੀ ਭਾਲ਼ ਵਿੱਚ ਹਾਂ
ਓਸੇ ਗਲ਼ਵਕੜੀ ਦੀ
ਜੋ ਤੂੰ ਅਚਾਨਕ ਹੀ ਪਾਈ ਸੀ...
ਮੈਂ ਅੱਜ ਵੀ ਭਾਲ਼ ਵਿੱਚ ਹਾਂ
ਓਸੇ ਛੋਹ ਦੀ
ਜਿਹਨੇ ਮੇਰੀ ਆਤਮਾ ਨੂੰ ਛੋਹਿਆ ਸੀ
ਮੈਂ ਅੱਜ ਵੀ ਭਾਲ਼ ਵਿੱਚ ਹਾਂ
ਓਸੇ ਮੁਸਕੁਰਾਹਟ ਦੀ
ਜੋ ਮੇਰੇ ਇਸਤਕਬਾਲ ਦੀ ਜ਼ਾਮਨ ਬਣੀ ਸੀ..
ਮੈਂ ਅੱਜ ਵੀ ਭਾਲ਼ ਵਿੱਚ ਹਾਂ
ਓਸੇ ਅਲ-ਵਿਦਾਈ ਮੰਜ਼ਰ ਦੀ
ਜਦ ਸਿਰਫ਼ ਦੋ ਜਿਸਮ ਜੁਦਾ ਹੋਏ ਸਨ
ਮੈਂ ਅੱਜ ਵੀ ਭਾਲ਼ ਵਿੱਚ ਹਾਂ
ਉਹਨਾਂ ਨੈਣਾਂ ਦੀ
ਜੋ ਮੈਨੂੰ ਜਾਂਦਾ ਦੇਖ ਕੇ ਸਾਵਣ ਬਣ ਗਏ



Monday, September 12, 2011

ਜ਼ਿੰਦਗੀ....

ਜ਼ਿੰਦਗੀ ( ਇੱਕ ਖੁੱਲ੍ਹੀ ਉਡਾਰੀ)
ਨਜ਼ਮ
ਮਹਾਂਨਗਰ ਦੇ ਚੌਰਾਹੇ ਦੇ ਵਿੱਚ ਖਲੋ ਕੇ ਤਕਦਾ ਹਾਂ ਰਸਤਿਆਂ ਨੂੰ,
ਤਾਂ ਓਸ ਰਸਤੇ ਦੀ ਯਾਦ ਆਉਂਦੀ ,
ਉਹ ਰਸਤਾ ਜਿੱਥੇ ਕਿ ਪਹਿਲੀ ਵਾਰੀ ਮੈਂ ਜ਼ਿੰਦਗੀ ਨੂੰ ਨਿਹਾਰਿਆ ਸੀ,
ਕਰੀਬ ਤੋਂ ਵੀ ਕਰੀਬ ਹੋ ਕੇ ਮੈਂ ਨਾਮ ਉਸਦਾ ਪੁਕਾਰਿਆ ਸੀ,
ਉਹ ਨਾਲ ਸੀ ਤਾਂ ਹਰੇਕ ਪਾਸੇ ਜਿਵੇਂ ਕਿ ਮੌਸਮ ਬਹਾਰ ਦਾ ਸੀ,
ਹਵਾ ਸੁਗੰਧਿਤ ਸੀ ਖੁਸ਼ਨੁਮਾ ਸੀ ਤੇ ਦਿਨ ਬੜੇ ਖ਼ੁਸ਼ਗਵਾਰ ਸਨ ਉਹ,
ਉਨ੍ਹਾਂ ਦਿਨਾਂ ਵਿਚ ਮੇਰੇ ਲਬਾਂ ਤੇ ਜੇ ਨਾਮ ਸੀ ਤਾਂ ਫ਼ਕਤ ਉਸੇ ਦਾ,
ਜੇ ਵਿਰਦ ਸੀ ਤਾਂ ਫ਼ਕਤ ਉਸੇ ਦਾ ਕਲਾਮ ਸੀ ਤਾਂ ਫ਼ਕਤ ਉਸੇ ਦਾ
ਉਹ ਜਿਸਦਾ ਹਾਸਾ ਫੁਹਾਰ ਬਣਕੇ ਸੁਲਘਦੇ ਸੀਨੇ ਨੂੰ ਠਾਰਦਾ ਸੀ
ਜਿਦ੍ਹਾ ਦਿਲਾਸਾ ਦੁਆਵਾਂ ਵਰਗਾ ਭੰਵਰ ਚੋਂ ਮੈਨੂੰ ਉਭਾਰਦਾ ਸੀ
ਹਬੀਬ ਬਣ ਕੇ, ਤਬੀਬ ਬਣ ਕੇ
ਮੇਰੀ ਹਯਾਤੀ ਦੀ ਖ਼ੁਸ਼ਖਿਰਾਮੀ ਦਾ ਸਿਹਰਾ ਬੰਨ੍ਹਿਆ ਮੈਂ ਜਿਹਦੇ ਸਿਰ ਸੀ
ਉਹ ਰੁੱਸ ਬੈਠੀ ਤਾਂ ਭੇਤ ਖੁੱਲ੍ਹਿਆ ਕਿ ਉਹ ਵੀ ਆਖ਼ਰ ਬਿਗਾਨੀ ਧਿਰ ਸੀ
ਕਦੇ-ਕਦਾਈਂ ਦੋ ਬੋਲ ਉਹਦੇ ਹਵਾਵਾਂ ਦੇ ਸਿਰ ਸਵਾਰ ਹੋ ਕੇ
ਹਾਂ ਮੇਰੇ ਤੀਕਰ ਨੇ ਆਣ ਪੁਜਦੇ ਤੇ ਸ਼ਹਿਦ ਕੰਨਾਂ ਚ ਘੋਲ਼ਦੇ ਨੇ
ਤੇ ਨੈਣ ਮੇਰੇ ਬਿਰਾਗੀ ਹੋ ਕੇ ਉਦ੍ਹੀ ਹੀ ਸੂਰਤ ਨੂੰ ਟੋਲ੍ਹਦੇ ਨੇ
ਮੈਂ ਤਰਸ ਜਾਂਦਾ ਹਾਂ ਬਰਸ ਜਾਂਦਾ ਹਾਂ
ਸਾਉਣ ਰੁਤ ਦੀ ਘਟਾ ਦੇ ਵਾਂਗੂੰ
ਇਹ ਜਿਊਣ ਲੱਗਦੈ ਸਜ਼ਾ ਦੇ ਵਾਂਗੂੰ
ਮਹਾਂਨਗਰ ਦੇ ਵਿਸ਼ਾਲ ਕਾਲੇ ਬੇਦਰਦ ਰਸਤੇ ਨਿਹਾਰਦਾ ਹਾਂ
ਤੇ ਬੇ-ਖ਼ੁਦੀ ਵਿਚ ਬੇ-ਤਹਾਸ਼ਾ ਮੈਂ ਨਾਮ ਉਸਦਾ ਉਚਾਰਦਾ ਹਾਂ
ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ...ਤੇ ਜ਼ਿੰਦਗੀ ਨੂੰ ਪੁਕਾਰਦਾ ਹਾਂ

ਮੇਰੀ ਕੰਧ 'ਤੇ ਤੇਰੀ.........

**** ਇੱਕ ਫ਼ੇਸਬੁੱਕੀ ਗ਼ਜ਼ਲ*****
ਮੇਰੀ ਕੰਧ 'ਤੇ ਤੇਰੀ ਫੋਟੋ ਕਿਉਂ ਚਿਪਕਾਈ।
ਅਪਣੀ ਕੰਧ ਕਿਰਾਏ ਤੇ ਦਿੱਤੀ ਹੈ ਭਾਈ ?

ਫੇਸਬੁੱਕ ਨੇ ਕੈਸੀ ਜਾਦੂ ਛੜੀ ਘੁਮਾਈ।
ਬੀਬੇ ਰਾਣੇ ਬੰਦੇ ਹੋਏ ਫਿਰਨ ਸ਼ੁਦਾਈ।

ਅੱਧੇ ਇਸਦਾ ਦੁਰਉਪਯੋਗ ਨੇ ਖੁਲ੍ਹ ਕੇ ਕਰਦੇ
ਅੱਧਿਆਂ ਨੂੰ ਤਾਂ ਫੇਸਬੁੱਕ ਦੀ ਸਮਝ ਨਾ ਆਈ।

ਟੈਗ ਕਰੀਂ ਨਾ ਬੇਸ਼ਕ ਫਿਰ ਵੀ ਪੜ੍ਹ ਲੈਣੀ ਮੈਂ
ਅਪਣੀ ਵਾਲ ਤੇ ਜਿਸ ਦਿਨ ਵੀ ਤੂੰ ਗ਼ਜ਼ਲ ਲਗਾਈ।

ਇੱਕ ਕੁੜੀ ਦੀ ਹੈਲੋ 'ਤੇ ਅਣਗਿਣਤ ਕੁਮੈਂਟ ਨੇ
ਸਾਡੀ ਪੋਸਟ ਇੱਕ ਕਲਿੱਕ ਨੂੰ ਵੀ ਤਿਰਹਾਈ।

ਬਹੁਤੇ ਮਿੱਤਰ ਮਿੱਤਰਤਾ ਕਰ ਤਾਂ ਲੈਂਦੇ ਨੇ
ਮੈਂ ਕੀ ਲਿਖਦਾਂ ਪੜ੍ਹਦਾਂ ਇਹਦੀ ਸਾਰ ਨਾ ਕਾਈ ।

ਆਹ ਕੀ ਹੋਇਆ 'ਗ਼ਾਫ਼ਿਲ' ਕੰਧ ਲਬੇੜ ਗਿਆ ਕੋਈ ?
ਦੋ ਦਿਨ ਪਹਿਲਾਂ ਹੀ ਕੀਤੀ ਸੀ ਸਾਫ਼ –ਸਫ਼ਾਈ।

../../../../.././../././././././. ਕੰਡੇ

ਗ਼ਜ਼ਲ
ਬਾਗ਼ 'ਚ ਚਾਰੇ ਪਾਸੇ ਲਾ ਕੇ ਬੈਠੇ ਮਹਿਫ਼ਿਲ ਕੰਡੇ।
ਫੁੱਲਾਂ, ਮਹਿਕ, ਤਮੰਨਾ, ਅਰਮਾਨਾਂ ਦੇ ਕ਼ਾਤਿਲ ਕੰਡੇ।

ਆਪੋ ਅਪਣੀ ਫ਼ਿਤਰਤ ਸਭ ਦੀ ਕੌਣ ਕਿਸੇ 'ਤੇ ਰੀਝੇ
ਫੁੱਲ ਨਾ ਮਹਿਕ ਖਿੰਡਾਉਣੋ ਟਲ਼ਦੇ ਲਾ ਬੈਠੇ ਟਿਲ ਕੰਡੇ।

ਕੋਈ ਅਰਜ਼ ਗੁਜ਼ਾਰੇ ਹਾੜਾ ਕੱਢੇ ਨਾਰਾ ਮਾਰੇ,
ਚੋਭਾਂ ਲਾਉਣੋ ਬਾਜ਼ ਨਾ ਆਉਂਦੇ ਤੌਬਾ ਸੰਗਦਿਲ ਕੰਡੇ।

ਮੇਰੀ ਤਾਂ ਅਰਦਾਸ ਇਹੀ ਹੈ ਵਾਹਿਗੁਰੂ ਦੇ ਅੱਗੇ,
ਏਸ ਫੁਲੇਰ ਚੰਗੇਰ 'ਚ ਕਿਧਰੇ ਹੋਣ ਨਾ ਸ਼ਾਮਿਲ ਕੰਡੇ।

ਨਾਜ਼ੁਕ ਪੈਰ ਮਲੂਕ ਸਜਨ ਦੇ ਵਿੰਨ੍ਹੇ ਹੀ ਨਾ ਜਾਵਣ'
ਪਲਕਾਂ ਨਾਲ਼ ਚੁਗਾਂਗਾ ਉਹਦੇ ਰਾਹੋਂ 'ਗ਼ਾਫ਼ਿਲ' ਕੰਡੇ।

‘ਦੜ ਵੱਟ’ ਥੋੜ੍ਹਾ ‘ਡੰਗ....

*ਬਜ਼ਲਾ
‘ਦੜ ਵੱਟ’ ਥੋੜ੍ਹਾ ‘ਡੰਗ ਟਪਾ ਲਓ; ਸ਼ਾਮਾਂ ਤੀਕ।
ਫਿਰ ਤਾਂ ਭਾਵੇਂ ਬੋਤਲ ਡੱਫੋ ਲਾ ਕੇ ਡੀਕ।

ਪਰਿਆ ਵੱਲ ਨਾ ਜਾਵੀਂ, ‘ਕੱਲਾ-ਕਹਿਰਾ’ ਦੇਖ!
'ਮੋਢਿਆਂ ਤੋਂ ਦੀ ਥੁਕਦੇ’, ਹੋਏ ‘ਚੌੜ’ ਸ਼ਰੀਕ।

“ਆਹ ਕੀ ਕੀਤਾ ? ‘ਸੱਤ-ਕਵੰਜਾ’ ਬਣ ਜੂ ਯਾਰ!
ਹਾਲੇ ਤਾਂ ਕੱਲ ਹੀ ਭੁਗਤੀ ਸੀ ਇੱਕ ਤਰੀਕ!

ਲਲਕਾਰੇ, ਤਲਵਾਰਾਂ, ਛਵੀਆਂ, ਟਕੂਏ, ਦਾਤ
ਕੀ ਕੁੱਝ ਭੱਜਿਆ ਆਇਆ, ਸੁਣਕੇ ਇੱਕੋ ਚੀਕ!

ਵਿਹਲੜ, ਚੋਰ, ਜ਼ੁਆਰੀ,ਅਮਲੀ ਵਧਦੇ ਜਾਣ
ਮਾਪੇ ਜਾਂ ਸਰਕਾਰਾਂ, ਦੋਸ਼ੀ ਕੌਣ ਵਧੀਕ?

ਸਚ ਬੋਲਣ, ਸੱਚ ਸੁਣਨ, ਤੇ ਹੁੰਦੀ ‘ਢਿਬਰੀ ਟੈਟ’
ਹੁੰਦੇ ਰਹਿੰਦੇ ਪਰਚੇ, ਗੈਸ, ਰਿਪੋਟਾਂ ਲੀਕ!

ਨਹਿਰ ਕਿਨਾਰੇ ਘੇਰਨ, ਲੁੱਟਣ ‘ਮਾਰ-ਮੁਕੌਣ'
ਬਾਪੂ ਨੇ ਸਮਝਾਇਆ “ਬਚ ਕੇ ਰਹਿ ਅਮਰੀਕ”।

ਸੋਚਾਂ ਵਿੱਚੋਂ ਤੈਨੂੰ ਕੱਢਣੇ....

*ਪਿੰਗਲ ਦੇ ਛੰਦ 'ਚ ਲਿਖੀ ਵੱਖਰੇ ਮੁਹਾਂਦਰੇ ਵਾਲ਼ੀ ਇੱਕ ਗ਼ਜ਼ਲ*
ਸੋਚਾਂ ਵਿੱਚੋਂ ਤੈਨੂੰ ਕੱਢਣੇ ਦੀ ਸੋਚ, ਸੋਚ-ਸੋਚ।

ਲੋਚਾ ਮੇਲ਼ ਦੀ ਵਧਾ ਲਈ ਭੁੱਲਣੇ ਦਾ ਲੋਚ-ਲੋਚ।


ਕਿਤੇ ਆਤਮਾ ਦੀ ਮੈਲ਼ ਵੱਲ ਪੈ ਜੇ ਨਾ ਧਿਆਨ

ਪੋਚੇ ਕਾਲੇ-ਕਾਰਿਆਂ 'ਤੇ ਪਾਈਏ ਮੁੱਖ ਪੋਚ-ਪੋਚ।


ਲੇਖਾਂ ਵਿੱਚ ਲਿਖਿਆ ਕੀ ਸਾਥੋਂ ਪਾ ਨਾ ਹੋਇਆ ਭੇਤ,

ਬੋਚੇ ਫੇਰ ਵੀ ਦੁੱਖਾਂ ਨੇ ਭਾਵੇਂ ਤੁਰੇ ਬੋਚ-ਬੋਚ।


ਕੀਤਾ ਤੇਰਿਆਂ ਗ਼ਮਾਂ ਨੇ ਤੇਰੇ ਜਿਹਾ ਹੀ ਵਿਹਾਰ

ਨੋਚ ਖਾ ਲਿਆ ਏ ਦਿਲ ਕਾਵਾਂ ਵਾਂਗ ਨੋਚ-ਨੋਚ।


ਕਿੱਦਾਂ ਲੈਣੀ ਹਮਦਰਦੀ ਇਹ ਸਿੱਖੋ ਢਕਵੰਜ,

ਮੋਚ ਆਵੇ ਜਾਂ ਨਾ ਆਵੇ ਪਿੱਟੋ ਮੋਚ ਮੋਚ-ਮੋਚ।






ਕਿਸਾਨ...

ਗੀਤ

ਆਖਦੇ ਸੀ ਕਦੇ ‘ਅੰਨਦਾਤਾ ਦੇਸ ਦਾ’

ਹਰ ਪਾਸੇ ਗ਼ਲਬਾ ਹੁੰਦਾ ਸੀ ਏਸ ਦਾ

ਹੁਣ ਹੋਇਆ ਬੈਠੈ ‘ਹਲ਼ਕਾਨ’ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਮਨ-ਮੋਹਣੇ ਹਰੇ ਖ਼ਾਬਾਂ ਪਿੱਛੇ ਦੌੜਦਾ

ਮਹਿੰਗੀਆਂ ਦਵਾਈਆਂ ਖਾਦਾਂ ਪਿੱਛੇ ਦੌੜਦਾ

ਹੋ ਗਿਐ ਹੈਰਾਨ-ਪ੍ਰੇਸ਼ਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਕੱਕਰਾਂ ਦਾ ਝੰਬਿਆ ਹਾੜ੍ਹਾਂ ਦਾ ਰਿੰਨ੍ਹਿਆ

ਕਰਜ਼ੇ ਚ ਪੋਟਾ ਪੋਟਾ ਪਿਆ ਵਿੰਨ੍ਹਿਆ

ਆ ਗਈ ਕੁੜਿੱਕੀ ਵਿੱਚ ਜਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ......


ਵੱਡਿਆਂ ਦੀ ਰੀਸੇ ਇਹਨੇ ਚੁੱਕ ਅੱਡੀਆਂ

ਲੈ ਲਏ ਟਰੈਕਟਰ ਨਾਲ਼ੇ ਗੱਡੀਆਂ

ਹੁੰਦਾ ਨਈਓਂ ਹੁਣ ਭੁਗਤਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਪੁੱਤ ਨੂੰ ਵਿਦੇਸ਼ ਦੀ ਦੁਮੂੰਹੀਂ ਲੜ ਗਈ

ਪੈਲ਼ੀ ਲਾਲ ਵਹੀਆਂ ਦੀ ਭੇਟ ਚੜ੍ਹ ਗਈ

ਰੋਲ਼ਤੇ ਏਜੰਟਾਂ ਅਰਮਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਰੋਕੋ ਇਹਨੂੰ ਰੋਕੋ ਕਿਹੜੇ ਰਾਹੇ ਪੈ ਗਿਆ

ਖ਼ੁਦ ਨੂੰ ਮੁਕੌਣ ਵਾਲੇ ਰਾਹੇ ਪੈ ਗਿਆ

ਬਚਿਆ ਨਾ ਮਾਣ-ਸਨਮਾਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...


ਝੂਠਿਆਂ ਦੀ ਗ਼ੋਲੀ ਅਖ਼ਬਾਰੇ ਝੂਠੀਏ

ਮਿਹਨਤਾਂ ਦੀ ਲੋਟੂ ਸਰਕਾਰੇ ਝੂਠੀਏ

ਤੇਰਾ ਜੀਭ-ਮਲ਼ਵਾਂ ਬਿਆਨ ਕੀ ਕਰੇ

ਲੋਕੋ ਮੇਰੇ ਦੇਸ ਦਾ ਕਿਸਾਨ ਕੀ ਕਰੇ...